ਪੰਜਾਬ : ਦਿੱਲੀ-ਐੱਨ.ਸੀ.ਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਭਿਆਨਕ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਮਹੀਨੇ ਦੀ ਤੇਜ਼ ਧੁੱਪ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਮੁਤਾਬਕ ਕਈ ਥਾਵਾਂ ‘ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4-6 ਡਿਗਰੀ ਵੱਧ ਹੈ।
ਆਈ.ਐਮ.ਡੀ ਦੇ ਅਨੁਸਾਰ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 40-41 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 24-26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਦਿੱਲੀ ਦੇ ਲੋਕਾਂ ਨੂੰ ਅਜੇ ਵੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਹਾਲਾਂਕਿ ਸ਼ੁੱਕਰਵਾਰ ਨੂੰ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਗੋਆ ਅਤੇ ਮਹਾਰਾਸ਼ਟਰ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਕੇਰਲ, ਮਾਹੇ, ਤੇਲੰਗਾਨਾ, ਕਰਨਾਟਕ ਅਤੇ ਮੱਧ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਵਾਵਾਂ ਵੀ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। 10 ਅਪ੍ਰੈਲ ਨੂੰ ਬਿਹਾਰ ਅਤੇ ਝਾਰਖੰਡ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਉਪ-ਹਿਮਾਲਿਆਈ ਪੱਛਮੀ ਬੰਗਾਲ, ਮੇਘਾਲਿਆ ਅਤੇ ਸਿੱਕਮ ਵਿੱਚ ਕੱਲ੍ਹ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਝਾਰਖੰਡ ‘ਚ 11 ਅਤੇ 12 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਭਾਰੀ ਬਾਰਸ਼ ਦੌਰਾਨ ਤੇਜ਼ ਤੂਫਾਨ ਵੀ ਆਵੇਗਾ। ਇਸ ਦੇ ਨਾਲ ਹੀ ਓਲੇ ਪੈਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।