ਪੰਜਾਬ : ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਕਿਸਾਨ ਮੋਰਚੇ ਨੂੰ ਹਟਾਉਣ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਕਿਸਾਨ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ਵਿੱਚ ਮਹਾਂਪੰਚਾਇਤ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵੀ ਸ਼ਿਰਕਤ ਕੀਤੀ। ਮਹਾਂਪੰਚਾਇਤ ਤੋਂ ਪਹਿਲਾਂ ਡੱਲੇਵਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੁੱਜੇ।
ਡੱਲੇਵਾਲ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸਾਨੂੰ ਮੀਟਿੰਗ ਲਈ ਬੁਲਾ ਰਹੀ ਹੈ ਅਤੇ ਦੂਜੇ ਪਾਸੇ ਰਾਤ ਨੂੰ ਸਾਡੇ ਮੋਰਚੇ ‘ਤੇ ਜ਼ਬਰਦਸਤੀ ਕਾਰਵਾਈ ਕਰ ਰਹੀ ਹੈ। ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਸਰਕਾਰ ਦੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਹ ਅੰਦੋਲਨ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।
ਮਖੀਜਾ ਮੋਰਚੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਅਖੰਡ ਪਾਠ ਰੋਕਣ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਸਿੱਖਾਂ ਦੀ ਸਰਵਉੱਚ ਸ਼ਕਤੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਅਤੇ ਇਨਸਾਫ਼ ਮਿਲਣ ਦੀ ਉਮੀਦ ਰੱਖਦੇ ਹਨ।
ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕੀਤੀ ਹੈ ਕਿ ਉਹ 4 ਮਈ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਮਸਲੇ ਹੱਲ ਕਰਨ ਅਤੇ ਇਸ ਲਈ ਡੱਲੇਵਾਲ ਨੂੰ ਆਪਣਾ ਮਰਨ ਵਰਤ ਖ਼ਤਮ ਕਰਨਾ ਚਾਹੀਦਾ ਹੈ। ਪਰ ਡੱਲੇਵਾਲ ਨੇ ਕੇਂਦਰੀ ਮੰਤਰੀ ਦੀ ਅਪੀਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਉਨ੍ਹਾਂ ‘ਤੇ ਕਿਵੇਂ ਭਰੋਸਾ ਕਰ ਸਕਦੇ ਹਾਂ ਜਿਨ੍ਹਾਂ ਨੇ ਮੀਟਿੰਗ ਕੀਤੀ ਅਤੇ ਫਿਰ ਪਿੱਛੇ ਹਟ ਗਏ।