ਚੰਡੀਗੜ੍ਹ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਯੋਜਨਾ ਤਹਿਤ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਲਿਜਾਇਆ ਜਾਵੇਗਾ। ਸਰਕਾਰ ਨੇ ਇਸ ਯੋਜਨਾ ਲਈ 100 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਹੈ। ਇਸ ਸਕੀਮ ਲਈ ਰਜਿਸਟ੍ਰੇਸ਼ਨ ਅਪ੍ਰੈਲ ਦੇ ਅੰਤ ਵਿੱਚ ਖੁੱਲ੍ਹੇਗੀ ਤੇ ਯਾਤਰਾਵਾਂ ਮਈ ਤੋਂ ਸ਼ੁਰੂ ਹੋਣਗੀਆਂ।
ਕੈਬਨਿਟ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਹੋਈ। ਮੁੱਖ ਮੰਤਰੀ ਤੀਰਥ ਯੋਜਨਾ ਬਾਰੇ ਮੀਟਿੰਗ ਵਿੱਚ ਦੱਸਿਆ ਗਿਆ ਕਿ ਸਾਰੀਆਂ ਯਾਤਰਾਵਾਂ ਏਅਰ ਕੰਡੀਸ਼ਨਡ ਵਾਹਨਾਂ ਵਿੱਚ ਕੀਤੀਆਂ ਜਾਣਗੀਆਂ। ਯਾਤਰੀਆਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਆਯੋਧਿਆ ਵਿੱਚ ਰਾਮ ਮੰਦਰ ਸਮੇਤ ਤੀਰਥ ਸਥਾਨਾਂ ਦੀ ਸੂਚੀ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਯਾਤਰਾ ਬੱਸ ਤੇ ਰੇਲ ਗੱਡੀ ਦੋਵਾਂ ਰਾਹੀਂ ਕੀਤੀ ਜਾਵੇਗੀ।