ਪੰਜਾਬ : ਪੰਜਾਬ ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗਜ਼ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ਅਤੇ ਇਸ ਦੇ ਦੋ ਹੋਰ ਮੈਂਬਰਾਂ ਨੂੰ ਮੁੜ ਤੋਂ ਬਦਲਣ ਦਾ ਫੈਸਲਾ ਕੀਤਾ ਹੈ। ਹੁਕਮਾਂ ਅਨੁਸਾਰ ਏ.ਆਈ.ਜੀ (ਪ੍ਰੋਵੀਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਐਸ.ਆਈ.ਟੀ ਦੇ ਮੈਂਬਰ ਸਨ, ਨੂੰ ਡੀ.ਆਈ.ਜੀ ਐਚ.ਐਸ ਭੁੱਲਰ ਦੀ ਥਾਂ ਐਸ.ਆਈ.ਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਤਰਨ ਤਾਰਨ ਦੇ ਐਸ.ਐਸ.ਪੀ ਅਭਿਮਨਿਊ ਰਾਣਾ ਅਤੇ ਪਟਿਆਲਾ ਦੇ ਐਸ.ਪੀ ਗੁਰਬੰਸ ਸਿੰਘ ਬੈਂਸ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਸਾਰੀਆਂ ਵਿਸ਼ੇਸ਼ ਜਾਂਚ ਟੀਮਾਂ ਦੀ ਨਿਗਰਾਨੀ ਡੀ.ਆਈ.ਜੀ ਜਾਂ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ ਕਰਦੇ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਏ.ਆਈ.ਜੀ ਰੈਂਕ ਦੇ ਕਿਸੇ ਅਧਿਕਾਰੀ ਨੂੰ ਇੰਨੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ। ਮਜੀਠੀਆ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਏ.ਆਈ.ਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ। ਇਹ ਮਾਮਲਾ ਦਸੰਬਰ 2021 ਵਿੱਚ ਕਾਂਗਰਸ ਸਰਕਾਰ ਦੌਰਾਨ ਦਰਜ ਕੀਤਾ ਗਿਆ ਸੀ ਅਤੇ ਇਸ ਦੀ ਜਾਂਚ ਲਈ ਗਠਿਤ ਕੀਤੀ ਗਈ ਇਹ ਪੰਜਵੀਂ ਐਸ.ਆਈ.ਟੀ ਹੈ। ਨਵੀਂ ਐਸ.ਆਈ.ਟੀ ਦੇ ਗਠਨ ਸਬੰਧੀ ਆਦੇਸ਼ਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦੇ ਦਫਤਰ ਨੇ ਐਫ.ਆਈ.ਆਰ ਨੰਬਰ 2/2021 ਦੇ ਕੇਸ ਦੀ ਜਾਂਚ ਲਈ ਪ੍ਰਬੰਧਕੀ ਆਧਾਰ ‘ਤੇ ਐਸ.ਆਈ.ਟੀ ਦਾ ਪੁਨਰਗਠਨ ਕੀਤਾ ਹੈ।
ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਡੀ.ਆਈ.ਜੀ ਰਾਹੁਲ ਐਸ ਨੂੰ ਏ.ਆਈ.ਜੀ ਬਲਰਾਜ ਸਿੰਘ ਦੀ ਥਾਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਐਸ.ਆਈ.ਟੀ ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਵਿੱਚ ਅਸਫਲ ਰਹੀ। ਮਈ 2023 ਵਿੱਚ ਆਈ.ਜੀ (ਪਟਿਆਲਾ ਰੇਂਜ) ਐਮ.ਐਸ ਛੀਨਾ ਨੂੰ ਐਸ.ਆਈ.ਟੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ। ਉਨ੍ਹਾਂ ਨੂੰ ਵਧੀਕ ਡੀ.ਜੀ.ਪੀ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ, ਫਿਰ ਵੀ ਉਹ ਦਸੰਬਰ 2024 ਤੱਕ ਆਪਣੀ ਰਿਟਾਇਰਮੈਂਟ ਤੱਕ ਐਸ.ਆਈ.ਟੀ ਦੇ ਮੁਖੀ ਬਣੇ ਰਹੇ।