ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੌਰਾਨ ਉਸ ਸਮੇਂ ਭਗਦੜ ਮਚ ਗਈ ਜਦੋਂ ਇਕ ਸ਼ਰਧਾਲੂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਹ ਘਟਨਾ ਅੱਜ ਸਵੇਰੇ 9 ਵਜੇ ਵਾਪਰੀ ਜਦੋਂ ਸ਼ਰਧਾਲੂ ਦੁਖ ਭੰਜਨੀ ਬੇਰੀ ਦੇ ਹੇਠਾਂ ਪਵਿੱਤਰ ਝੀਲ ਤੋਂ ਬਾਹਰ ਆਇਆ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ।
ਪਰਿਕਰਮਾ ਵਿਚ ਡਿਊਟੀ ‘ਤੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਨੇ ਸ਼ਰਧਾਲੂ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇੜੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ।