ਕੈਨੇਡਾ : ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਬੀਤੇ ਦਿਨ ਉਸ ਸਮੇਂ ਹੋਰ ਵਧ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ‘ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਟਰੂਡੋ ਸਰਕਾਰ ਨੇ ਅਮਰੀਕੀ ਸਾਮਾਨ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਤਹਿਤ ਇਹ ਡਿਊਟੀ 30 ਅਰਬ ਕੈਨੇਡੀਅਨ ਡਾਲਰ ਦੀ ਅਮਰੀਕੀ ਦਰਾਮਦ ‘ਤੇ ਲਾਗੂ ਹੋਵੇਗੀ। ਇਹ ਕਦਮ ਅਮਰੀਕਾ ਵੱਲੋਂ ਕੈਨੇਡਾ ਅਤੇ ਮੈਕਸੀਕੋ ‘ਤੇ ਲਗਾਏ ਗਏ 25٪ ਟੈਰਿਫ ਦੇ ਜਵਾਬ ਵਿੱਚ ਆਇਆ ਹੈ, ਜਿਸ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਇੱਕ ਨਵਾਂ ਮੋੜ ਦਿੱਤਾ ਹੈ।
ਜਸਟਿਨ ਟਰੂਡੋ ਨੇ ਅਮਰੀਕੀ ਟੈਰਿਫ ਨੂੰ ‘ਗੈਰ-ਅਨੁਕੂਲ ਅਤੇ ਬੇਲੋੜਾ’ ਕਰਾਰ ਦਿੰਦਿਆਂ ਕਿਹਾ ਕਿ ਇਹ ਕਦਮ ਕੈਨੇਡਾ ਲਈ ਪੂਰੀ ਤਰ੍ਹਾਂ ਅਣਉਚਿਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਸਰਕਾਰ ਇਸ ਫੈਸਲੇ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ) ਅਤੇ ਅਮਰੀਕਾ-ਮੈਕਸੀਕੋ-ਕੈਨੇਡਾ ਵਪਾਰ ਸਮਝੌਤੇ (ਯੂ.ਐਸ.ਐਮ.ਸੀ.ਏ) ਤਹਿਤ ਚੁਣੌਤੀ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਵਪਾਰਕ ਫ਼ੈੈਸਲਾ ਵਪਾਰ ਦੇ ਨਿਯਮਾਂ ਅਤੇ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਅਤੇ ਉਨ੍ਹਾਂ ਦਾ ਦੇਸ਼ ਇਸ ‘ਤੇ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਹੈ।
ਟਰੂਡੋ ਨੇ ਸਪੱਸ਼ਟ ਕੀਤਾ ਕਿ ਪਹਿਲੇ ਪੜਾਅ ‘ਚ ਕੈਨੇਡਾ 30 ਅਰਬ ਕੈਨੇਡੀਅਨ ਡਾਲਰ (ਕਰੀਬ 20.6 ਅਰਬ ਅਮਰੀਕੀ ਡਾਲਰ) ਦੇ ਅਮਰੀਕੀ ਸਾਮਾਨ ‘ਤੇ 25 ਫੀਸਦੀ ਟੈਰਿਫ ਲਗਾਏਗਾ, ਜੋ ਅਮਰੀਕੀ ਸਮੇਂ ਮੁਤਾਬਕ ਬੀਤੀ ਅੱਧੀ ਰਾਤ ਤੋਂ ਲਾਗੂ ਹੋਵੇਗਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਮੁੱਖ ਅਮਰੀਕੀ ਉਤਪਾਦ ਜਿਵੇਂ ਕਿ ਕੂਲਰ, ਕਾਗਜ਼, ਭੋਜਨ ਉਤਪਾਦ ਅਤੇ ਕੁਝ ਧਾਤਾਂ ਸ਼ਾਮਲ ਹੋਣਗੇ। ਇਸ ਕਦਮ ਦਾ ਉਦੇਸ਼ ਅਮਰੀਕਾ ਤੋਂ ਆਉਣ ਵਾਲੇ ਮਾਲ ‘ਤੇ ਦਬਾਅ ਬਣਾਉਣਾ ਹੈ, ਜੋ ਕੈਨੇਡਾ ਲਈ ਵਪਾਰਕ ਦ੍ਰਿਸ਼ਟੀਕੋਣ ਤੋਂ ਅਸੰਤੁਲਿਤ ਸਾਬਤ ਹੋ ਰਹੇ ਹਨ। ਜਸਟਿਨ ਟਰੂਡੋ ਨੇ ਇਹ ਵੀ ਦੱਸਿਆ ਕਿ ਟੈਰਿਫ ਦੇ ਪਹਿਲੇ ਪੜਾਅ ਦੇ ਲਾਗੂ ਹੋਣ ਤੋਂ ਬਾਅਦ, ਤਿੰਨ ਹਫ਼ਤਿਆਂ ਦੇ ਅੰਦਰ ਇੱਕ ਹੋਰ 25٪ ਟੈਰਿਫ ਦੌਰ ਸ਼ੁਰੂ ਹੋ ਜਾਵੇਗਾ, ਜਿਸ ਵਿੱਚ 125 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਸਾਮਾਨ ‘ਤੇ ਟੈਰਿਫ ਲਗਾਏ ਜਾਣਗੇ। ਦੂਜਾ ਪੜਾਅ ਕਾਰਾਂ, ਸਟੀਲ, ਐਲੂਮੀਨੀਅਮ ਅਤੇ ਹੋਰ ਮਹੱਤਵਪੂਰਨ ਉਦਯੋਗਾਂ ਦੇ ਉਤਪਾਦਾਂ ਨੂੰ ਨਿਸ਼ਾਨਾ ਬਣਾਏਗਾ ਜੋ ਅਮਰੀਕਾ ਨਾਲ ਕੈਨੇਡਾ ਦੇ ਵਪਾਰਕ ਸਬੰਧਾਂ ਵਿੱਚ ਡੂੰਘੀ ਤਣਾਅ ਪੈਦਾ ਕਰ ਸਕਦੇ ਹਨ। ਟਰੂਡੋ ਨੇ ਕਿਹਾ ਕਿ ਅੱਜ ਅਮਰੀਕਾ ਨੇ ਆਪਣੇ ਸਭ ਤੋਂ ਨਜ਼ਦੀਕੀ ਸਹਿਯੋਗੀ ਕੈਨੇਡਾ ਵਿਰੁੱਧ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਰੂਸੀ ਤਾਨਾਸ਼ਾਹ ਵਲਾਦੀਮੀਰ ਪੁਤਿਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ‘ਤੇ ਟਰੰਪ ਦੇ ਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਮੂਰਖਤਾਪੂਰਨ ਹੈ।
ਅਮਰੀਕੀ ਲੋਕਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਕੈਨੇਡਾ ਇਹ ਵਪਾਰ ਯੁੱਧ ਨਹੀਂ ਚਾਹੁੰਦਾ ਪਰ ਟਰੰਪ ਨੇ ਇਹ ਵਿਕਲਪ ਚੁਣਿਆ ਹੈ। ਉਨ੍ਹਾਂ ਨੇ ਰੂਸ ਬਾਰੇ ਕਿਹਾ ਕਿ ਅਮਰੀਕੀ ਆਪਣੇ ਦੋਸਤਾਂ ਨੂੰ ਛੱਡ ਕੇ ਉਸ ਦੇਸ਼ ਦੇ ਪੱਖ ਵਿਚ ਕਿਵੇਂ ਮਹਿਸੂਸ ਕਰਦੇ ਹਨ, ਜਿਸ ਨੇ ਕਦੇ ਵੀ ਅਮਰੀਕੀਆਂ ਦੀ ਭਲਾਈ ਲਈ ਕੰਮ ਨਹੀਂ ਕੀਤਾ। ਟਰੂਡੋ ਨੇ ਕਿਹਾ ਕਿ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਟੀਚਾ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਹੈ ਤਾਂ ਜੋ ਉਹ ਕੈਨੇਡਾ ਨੂੰ ਆਪਣੇ ਅਧੀਨ ਕਰ ਸਕਣ। ਹਾਲਾਂਕਿ ਟਰੂਡੋ ਨੇ ਸਪੱਸ਼ਟ ਕੀਤਾ ਕਿ ਅਜਿਹਾ ਕਦੇ ਨਹੀਂ ਹੋਵੇਗਾ। ਟਰੂਡੋ ਨੇ ਕਿਹਾ ਕਿ ਅਸੀਂ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣ ਸਕਾਂਗੇ।