ਸ਼ੇਰਪੁਰ: ਸ਼ੇਰਪੁਰ ਬਲਾਕ ਦੇ ਪਿੰਡ ਰਾਮਨਗਰ ਚੰਨਾ ਤੋਂ ਵਿਆਹ ਤੋਂ ਇਕ ਹਫ਼ਤੇ ਬਾਅਦ ਆਪਣੇ ਸਹੁਰੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਈ ਨਵ-ਵਿਆਹੀ ਲਾੜੀ ਨੂੰ ਸ਼ੇਰਪੁਰ ਪੁਲਿਸ ਨੇ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਸਹਿਜਪ੍ਰੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਰਾਮਨਗਰ ਚੰਨਾ ਨੇ ਸ਼ੇਰਪੁਰ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਵਿਆਹ 14 ਫਰਵਰੀ 2025 ਨੂੰ ਵੀਰਪਾਲ ਕੌਰ ਪੁੱਤਰੀ ਚਮਕੌਰ ਸਿੰਘ, ਥਾਣਾ ਮਹਿਤਾ ਜ਼ਿਲ੍ਹਾ ਬਰਨਾਲਾ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ।
ਇਕ ਹਫ਼ਤੇ ਬਾਅਦ 21 ਫਰਵਰੀ 2025 ਨੂੰ ਉਸ ਦੀ ਪਤਨੀ ਵੀਰਪਾਲ ਕੌਰ ਬਿਨਾਂ ਦੱਸੇ ਕਿਸੇ ਅਣਪਛਾਤੇ ਵਿਅਕਤੀ ਨਾਲ ਕਾਰ ‘ਚ ਘਰੋਂ ਚਲੀ ਗਈ। ਜਦੋਂ ਉਸ ਨੇ ਘਰ ਦੀ ਜਾਂਚ ਕੀਤੀ ਤਾਂ ਉਸ ਨੂੰ 7 ਲੱਖ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣੇ ਗਾਇਬ ਮਿਲੇ। ਇਸ ਤੋਂ ਬਾਅਦ ਵੀਰਪਾਲ ਕੌਰ ਖ਼ਿਲਾਫ਼ ਸ਼ੇਰਪੁਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ੇਰਪੁਰ ਥਾਣੇ ਦੇ ਮੁੱਖ ਇੰਸਪੈਕਟਰ ਬਲਵੰਤ ਸਿੰਘ ਬਾਲੰਿਗ ਨੇ ਦੱਸਿਆ ਕਿ ਵੀਰਪਾਲ ਕੌਰ ਨੂੰ ਪੁਲਿਸ ਪਾਰਟੀ ਨੇ ਉਤਰਾਖੰਡ-ਉੱਤਰ ਪ੍ਰਦੇਸ਼ ਸਰਹੱਦ ਨੇੜੇ ਬਿਲਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿਚੋਂ ਗਹਿਣੇ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਔਰਤ ਨੂੰ ਪੁਲਿਸ ਰਿਮਾਂਡ ‘ਤੇ ਲੈ ਲਿਆ ਗਿਆ ਹੈ ਅਤੇ ਉਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।