ਗੈਜੇਟ ਡੈਸਕ : ਵਟਸਐਪ ਯੂਜ਼ਰਸ ਲਈ ਖਾਸ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਅੱਜ-ਕੱਲ੍ਹ ਬਹੁਤ ਸਾਰੇ ਧੋਖੇਬਾਜ਼ ਵਟਸਐਪ ‘ਤੇ ਲੋਕਾਂ ਨੂੰ ਆਪਣਾ ਸ਼ਿਕਾਰ ਵੀ ਬਣਾ ਰਹੇ ਹਨ। ਇਸ ਕਾਰਨ ਵਟਸਐਪ ਨੇ ਇਕ ਵੱਡਾ ਕਦਮ ਚੁੱਕਿਆ ਹੈ।
ਜਾਣਕਾਰੀ ਮੁਤਾਬਕ ਵਟਸਐਪ ਦੀ ਮਾਲਕ ਮੈਟਾ ਕੰਪਨੀ ਨੇ ਇਕ ਮਹੀਨੇ ‘ਚ 84 ਲੱਖ ਅਕਾਊਂਟ ਬਲਾਕ ਕਰ ਦਿੱਤੇ ਹਨ। ਕੰਪਨੀ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਿਹਾ ਕਿ 1 ਅਗਸਤ ਤੋਂ 31 ਅਗਸਤ ਦੇ ਵਿਚਕਾਰ ਉਨ੍ਹਾਂ ਨੇ ਭਾਰਤ ‘ਚ 8.45 ਲੱਖ ਵਟਸਐਪ ਪ੍ਰੋਫਾਈਲਾਂ ‘ਤੇ ਪਾਬੰਦੀ ਲਗਾਈ ਹੈ। ਕੰਪਨੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਗਭਗ 16.6 ਲੱਖ ਖਾਤਿਆਂ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ, ਜਦੋਂ ਕਿ ਜਾਂਚ ਤੋਂ ਬਾਅਦ ਕਈ ਖਾਤਿਆਂ ‘ਤੇ ਪਾਬੰਦੀ ਲਗਾਈ ਜਾਵੇਗੀ। ਇੰਨਾ ਹੀ ਨਹੀਂ, ਕੰਪਨੀ ਨੇ ਸ਼ਿਕਾਇਤ ਮਿਲਣ ਤੋਂ ਪਹਿਲਾਂ ਲਗਭਗ 16 ਲੱਖ ਖਾਤਿਆਂ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਗਸਤ 2024 ਵਿਚ 10,707 ਖਪਤਕਾਰਾਂ ਤੋਂ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿਚੋਂ 93 ਫੀਸਦੀ ‘ਤੇ ਤੁਰੰਤ ਕਾਰਵਾਈ ਕੀਤੀ ਗਈ।
ਮੈਟਾ ਬੈਨ ਕਈ ਕਾਰਨਾਂ ਕਰਕੇ ਹੁੰਦੇ ਹਨ। ਜਾਣਕਾਰੀ ਮੁਤਾਬਕ ਜੇਕਰ ਕੋਈ ਵਿਅਕਤੀ ਜ਼ਿਆਦਾ ਮੈਸੇਜ ਕਰਦਾ ਹੈ ਜਾਂ ਧੋਖਾ ਦਿੰਦਾ ਹੈ ਜਾਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਬਲਾਕ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਕੋਈ ਗੈਰ-ਕਾਨੂੰਨੀ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਅਕਾਊਂਟ ਵੀ ਤੁਰੰਤ ਡਿਲੀਟ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਕੰਪਨੀ ਖਪਤਕਾਰਾਂ ਤੋਂ ਸ਼ਿਕਾਇਤਾਂ ਮਿਲਣ ‘ਤੇ ਉਕਤ ਖਾਤਿਆਂ ਖ਼ਿਲਾਫ਼ ਤੁਰੰਤ ਕਾਰਵਾਈ ਵੀ ਕਰਦੀ ਹੈ। ਖਪਤਕਾਰਾਂ ਦੀਆਂ ਸ਼ਿਕਾਇਤਾਂ ਉਹਨਾਂ ਖਾਤਿਆਂ ਦੀ ਪਛਾਣ ਕਰਨਾ ਆਸਾਨ ਬਣਾਉਂਦੀਆਂ ਹਨ ਜੋ ਕੰਪਨੀ ਨੂੰ ਨੁਕਸਾਨ ਪਹੁੰਚਾ ਰਹੇ ਹਨ।