ਬਟਾਲਾ : ਬੀਤੀ ਰਾਤ ਬਟਾਲਾ ਨੇੜੇ ਪਿੰਡ ਰਾਏਮਲ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਬੰਬ ਧਮਾਕਾ ਹੋਇਆ। ਜਿਸ ਘਰ ‘ਚ ਧਮਾਕਾ ਹੋਇਆ, ਉਹ ਪੁਲਿਸ ਮੁਲਾਜ਼ਮ ਦੇ ਚਾਚੇ ਦਾ ਘਰ ਹੈ। ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਪਿੰਡ ਰਾਏਮਲ ਵਿੱਚ ਹੋਏ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਹੁਣ ਇਸ ਧਮਾਕੇ ਦੀ ਜ਼ਿੰਮੇਵਾਰੀ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਨੇ ਲਈ ਹੈ। ਹੈਪੀ ਪਸੀਆ ਨੇ ਇਕ ਪੋਸਟ ‘ਚ ਕਿਹਾ ਕਿ ਦੋ ਮਹੀਨੇ ਪਹਿਲਾਂ ਪੁਲਿਸ ਮੁਲਾਜ਼ਮ ਜਤਿੰਦਰ ਨੇ ਉਸ ਦੇ ਘਰ ਛਾਪਾ ਮਾਰਿਆ ਸੀ ਅਤੇ ਉਸ ਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ, ਹੈਪੀ ਪਸੀਆ ਅਤੇ ਭਾਈ ਸ਼ੇਰਾ ਪਿੰਡ ਰਾਏਮਲ ਵਿਖੇ ਪੁਲਿਸ ਮੁਲਾਜ਼ਮ ਜਤਿੰਦਰ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹਾਂ।
“ਦੋ ਮਹੀਨੇ ਪਹਿਲਾਂ, ਉਹ ਕੁਝ ਪੁਲਿਸ ਮੁਲਾਜ਼ਮਾਂ ਨਾਲ ਮੇਰੇ ਘਰ ਆਇਆ ਅਤੇ ਮੇਰੇ ਪਰਿਵਾਰ ਨਾਲ ਬਦਸਲੂਕੀ ਕੀਤੀ ਅਤੇ ਜ਼ਬਰਦਸਤੀ ਕੈਮਰਿਆਂ ਦੀ ਡੀ.ਵੀ.ਆਰ ਕੱਢ ਲਈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਸ ਨੇ ਰਾਮਦਾਸ ਇਲਾਕੇ ਦੇ ਹੋਰ ਪਰਿਵਾਰਾਂ ਨਾਲ ਅਜਿਹਾ ਗਲਤ ਕੀਤਾ ਹੈ, ਜਿਸ ਨੂੰ ਅਸੀਂ ਪਹਿਲਾਂ ਬਰਦਾਸ਼ਤ ਨਹੀਂ ਕਰਦੇ ਸੀ ਅਤੇ ਹੁਣ ਵੀ ਬਰਦਾਸ਼ਤ ਨਹੀਂ ਕਰਾਂਗੇ। ”