ਜੈਪੁਰ : ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ (Udaipur District) ‘ਚ ਬੀਤੇ ਦਿਨ ਇਕ ਖੇਤ ‘ਚ ਅੱਗ ਲੱਗਣ ਨਾਲ ਜ਼ਖਮੀ ਹੋਏ ਦੋ ਭਰਾਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਇਕ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪਾਈ ਪਿੰਡ ਵਿੱਚ ਚਾਰ ਤੋਂ ਪੰਜ ਘਰ ਸਥਿਤ ਸਨ ਜਿੱਥੇ ਅੱਗ ਲੱਗੀ ਸੀ।
ਪਰਿਵਾਰ ਦੇ ਮੈਂਬਰ ਖੇਤ ਵਿੱਚ ਕੰਮ ਕਰ ਰਹੇ ਸਨ। ਉੱਥੇ ਸੁੱਕੀ ਘਾਹ ਸੀ ਅਤੇ ਤਿੰਨੇ ਬੱਚੇ ਘਾਹ ਦੇ ਨੇੜੇ ਖੇਡ ਰਹੇ ਸਨ। ਇਸ ਦੌਰਾਨ ਘਾਹ ‘ਚ ਅਚਾਨਕ ਅੱਗ ਲੱਗ ਗਈ ਅਤੇ ਤਿੰਨੇ ਬੱਚੇ ਗੰਭੀਰ ਰੂਪ ਨਾਲ ਝੁਲਸ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸਹਾਇਕ ਸਬ-ਇੰਸਪੈਕਟਰ ਹਰੀ ਰਾਮ ਨਾਥ ਨੇ ਦੱਸਿਆ ਕਿ ਆਸ਼ੀਸ਼ (5) ਅਤੇ ਉਸ ਦੇ ਛੋਟੇ ਭਰਾ ਪਿਯੂਸ਼ (4) ਦੀ ਹਸਪਤਾਲ ‘ਚ ਮੌਤ ਹੋ ਗਈ, ਜਦਕਿ ਵਿਸ਼ਾਲ (4) ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮ੍ਰਿਤਕ ਭਰਾਵਾਂ ਦੀਆਂ ਲਾਸ਼ਾਂ ਅੱਜ ਪੋਸਟਮਾਰਟਮ ਤੋਂ ਬਾਅਦ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।