ਰਾਜਸਥਾਨ: ਰਾਜਸਥਾਨ ‘ਚ ਕੋਚਿੰਗ ਅਤੇ ਸਿੱਖਿਆ ਸੰਸਥਾਵਾਂ ਨਾਲ ਜੁੜੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਟਾ ਤੋਂ ਬਾਅਦ ਹੁਣ ਜੈਪੁਰ ਦੇ ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (MNIT) ਦੇ ਹੋਸਟਲ ‘ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਪਹਿਲੇ ਸਾਲ ਦੀ ਵਿਦਿਆਰਥਣ ਦਿਵਿਆ ਰਾਜ ਨੇ ਹੋਸਟਲ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਵਿਦਿਆਰਥਣ ਨੇ ਆਪਣੇ ਦਰਦ ਅਤੇ ਮਾਨਸਿਕ ਤਣਾਅ ਦਾ ਜ਼ਿਕਰ ਕੀਤਾ ਹੈ।
ਕੀ ਹੈ ਗੱਲ ?
ਪੁਲਿਸ ਮੁਤਾਬਕ ਦਿਵਿਆ ਰਾਜ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਪਿੰਡ ਨਰਲਾਈ ਦੀ ਰਹਿਣ ਵਾਲੀ ਸੀ ਅਤੇ ਛੇ ਮਹੀਨੇ ਪਹਿਲਾਂ ਹੀ ਉਸ ਨੇ ਐਮ.ਐਨ.ਆਈ.ਟੀ. ਵਿੱਚ ਦਾਖ਼ਲਾ ਲਿਆ ਸੀ। ਐਤਵਾਰ ਰਾਤ ਉਸ ਨੇ ਆਪਣੀ ਭੈਣ ਨਿਸ਼ਾ ਨਾਲ ਫੋਨ ‘ਤੇ 15 ਮਿੰਟ ਤੱਕ ਗੱਲ ਕੀਤੀ ਪਰ ਗੱਲਬਾਤ ‘ਚ ਕਿਸੇ ਤਰ੍ਹਾਂ ਦੇ ਤਣਾਅ ਦਾ ਕੋਈ ਸੰਕੇਤ ਨਹੀਂ ਮਿਲਿਆ। ਕੁਝ ਸਮੇਂ ਬਾਅਦ ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਸੁਸਾਈਡ ਨੋਟ ਵਿੱਚ ਜ਼ਾਹਿਰ ਕੀਤਾ ਗਿਆ ਹੈ ਦਰਦ
ਦਿਵਿਆ ਤੋਂ ਬਰਾਮਦ ਹੋਏ ਸੁਸਾਈਡ ਨੋਟ ‘ਚ ਉਸ ਨੇ ਲਿਖਿਆ, ‘ਗਲਤੀ ਮੇਰੀ ਹੀ ਹੈ , ਮੈਂ ਹੀ ਇਸ ਦੁਨੀਆ ਵਿੱਚ ਨਹੀਂ ਜੀ ਸਕਦੀ । ਸਭ ਤੋਂ ਜ਼ਿਆਦਾ ਖੁਸ਼ ਮੈਂ ਜਾਂ ਬਚਪਨ ਵਿੱਚ ਸੀ ਜਾਂ ਨੀਂਦ ਵਿੱਚ। ਹੁਣ ਬਚਪਨ ਵਾਪਸ ਨਹੀਂ ਆ ਸਕਦਾ , ਤਾਂ ਹਮੇਸ਼ਾ ਦੀ ਨੀਂਹ ਵਿੱਚ ਜਾ ਰਹੀ ਹਾਂ । ਮੈਨੂੰ ਨਹੀਂ ਪਤਾ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ, ਪਰ ਸ਼ਾਇਦ ਸ਼ਾਂਤੀ ਹੋਵੇਗੀ। ਮੰਮੀ-ਪਾਪਾ ਅਤੇ ਨਿਸ਼ਾ , ਇੱਕ- ਦੂਜੇ ਦਾ ਖਿਆਲ ਰੱਖਣਾ । ਸੌਰੀ ਸਾਰਿਆਂ ਨੂੰ ।”।
ਪਰਿਵਾਰਕ ਮੈਂਬਰਾਂ ਨੇ ਪ੍ਰਗਟਾਇਆ ਹੈ ਕਤਲ ਦਾ ਖ਼ਦਸ਼ਾ
ਜੈਪੁਰ ਪਹੁੰਚੀ ਦਿਵਿਆ ਦੇ ਪਰਿਵਾਰਕ ਮੈਂਬਰ ਇਸ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਦਿਵਿਆ ਦੀ ਖੁਦਕੁਸ਼ੀ ‘ਤੇ ਸਵਾਲ ਖੜ੍ਹੇ ਕਰਦਿਆਂ ਕਤਲ ਦਾ ਸ਼ੱਕ ਪ੍ਰਗਟ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਿਵਿਆ ਖੁਦਕੁਸ਼ੀ ਨਹੀਂ ਕਰ ਸਕਦੀ।
ਵਿਦਿਆਰਥਣਾਂ ਵਿੱਚ ਡਰ ਦਾ ਮਾਹੌਲ
ਘਟਨਾ ਤੋਂ ਬਾਅਦ ਹੋਸਟਲ ‘ਚ ਰਹਿਣ ਵਾਲੀਆਂ ਹੋਰ ਵਿਦਿਆਰਥਣਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਦਿਵਿਆ ਦੇ ਮੋਬਾਈਲ ਦੇ ਕਾਲ ਡਿਟੇਲ ਅਤੇ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਵਿਦਿਆਰਥਣਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਿਰਪੱਖ ਜਾਂਚ ਦੀ ਕੀਤੀ ਮੰਗ
ਦਿਵਿਆ ਦੀ ਖੁਦਕੁਸ਼ੀ ਨੇ ਇਕ ਵਾਰ ਫਿਰ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਤਣਾਅ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।