ਗੜੀਆਬੰਦ : ਛੱਤੀਸਗੜ੍ਹ ਦੇ ਗੜੀਆਬੰਦ ਜ਼ਿਲ੍ਹੇ (Gariaband District) ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਘੱਟੋ-ਘੱਟ 16 ਨਕਸਲੀ ਮਾਰੇ ਗਏ ਹਨ। ਮੁਕਾਬਲੇ ‘ਚ 1 ਕਰੋੜ ਰੁਪਏ ਦਾ ਇਨਾਮ ਵਾਲਾ ਨਕਸਲੀ ਵੀ ਮਾਰਿਆ ਗਿਆ। ਮੁਕਾਬਲਾ ਅਜੇ ਵੀ ਜਾਰੀ ਹੈ। ਛੱਤੀਸਗੜ੍ਹ ਪੁਲਿਸ ਮੁਤਾਬਕ ਇਹ ਮੁਕਾਬਲਾ ਛੱਤੀਸਗੜ੍ਹ-ਓਡੀਸ਼ਾ ਸਰਹੱਦ ‘ਤੇ ਗੜੀਆਬੰਦ ਇਲਾਕੇ ‘ਚ ਹੋਇਆ। ਪੁਲਿਸ ਨੇ ਕਿਹਾ ਹੈ ਕਿ ਨਕਸਲੀਆਂ ਨਾਲ ਮੁਕਾਬਲਾ ਅਜੇ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.), ਛੱਤੀਸਗੜ੍ਹ ਤੋਂ ਕੋਬਰਾ ਅਤੇ ਓਡੀਸ਼ਾ ਤੋਂ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੇ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਇਸ ਕਾਰਵਾਈ ਵਿੱਚ ਸ਼ਾਮਲ ਸੀ।
‘ਨਕਸਲਵਾਦ ‘ਤੇ ਜ਼ੋਰਦਾਰ ਹਮਲਾ’: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ‘ਨਕਸਲਵਾਦ ‘ਤੇ ਇਕ ਹੋਰ ਜ਼ਬਰਦਸਤ ਹਮਲਾ’ ਕਰਾਰ ਦਿੰਦਿਆਂ ਕਿਹਾ ਕਿ ਉੜੀਸਾ-ਛੱਤੀਸਗੜ੍ਹ ਸਰਹੱਦ ‘ਤੇ ਸੀ.ਆਰ.ਪੀ.ਐਫ., ਐਸ.ਓ.ਜੀ. ਓਡੀਸ਼ਾ ਅਤੇ ਛੱਤੀਸਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ਵਿਚ ਨਕਸਲੀ ਮਾਰੇ ਗਏ। ਉਨ੍ਹਾਂ ਕਿਹਾ ਕਿ ਨਕਸਲ ਮੁਕਤ ਭਾਰਤ ਦੇ ਸੰਕਲਪ ਅਤੇ ਸੁਰੱਖਿਆ ਬਲਾਂ ਦੇ ਸਾਂਝੇ ਯਤਨਾਂ ਸਦਕਾ ਅੱਜ ਨਕਸਲਵਾਦ ਆਪਣੇ ਆਖਰੀ ਸਾਹ ਲੈ ਰਿਹਾ ਹੈ।
ਸ਼ਾਹ ਨੇ ਐਕਸ ‘ਤੇ ਲਿਖਿਆ, ‘ਨਕਸਲਵਾਦ ਨੂੰ ਇਕ ਹੋਰ ਵੱਡਾ ਝਟਕਾ। ਸਾਡੇ ਸੁਰੱਖਿਆ ਬਲਾਂ ਨੇ ਨਕਸਲ ਮੁਕਤ ਭਾਰਤ ਬਣਾਉਣ ਲਈ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀ.ਆਰ.ਪੀ.ਐਫ., ਐਸ.ਓ.ਜੀ. ਓਡੀਸ਼ਾ ਅਤੇ ਛੱਤੀਸਗੜ੍ਹ ਪੁਲਿਸ ਨੇ ਓਡੀਸ਼ਾ-ਛੱਤੀਸਗੜ੍ਹ ਸਰਹੱਦ ‘ਤੇ ਇੱਕ ਸਾਂਝੇ ਆਪਰੇਸ਼ਨ ਵਿੱਚ 14 ਨਕਸਲੀਆਂ ਨੂੰ ਮਾਰ ਦਿੱਤਾ।
ਇਸ ਤੋਂ ਪਹਿਲਾਂ ਬੀਤੇ ਦਿਨ ਛੱਤੀਸਗੜ੍ਹ ਦੇ ਗੜੀਆਬੰਦ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ਦੌਰਾਨ ਦੋ ਮਹਿਲਾ ਨਕਸਲੀ ਮਾਰੇ ਗਏ ਸਨ ਅਤੇ ਸੀ.ਆਰ.ਪੀ.ਐਫ. ਦੀ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ ਦਾ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਬਰਾ ਕਮਾਂਡੋ ਦੀ ਸੱਟ ਮਾਮੂਲੀ ਸੀ।