ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਅਪਣੇ ਨਾਗਰਿਕਾਂ ਲਈ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਪਛੜੇ ਬਜ਼ੁਰਗ ਨਾਗਰਿਕਾਂ ਨੂੰ ਸਰਕਾਰੀ ਖ਼ਰਚੇ ’ਤੇ ਪ੍ਰਯਾਗਰਾਜ ਵਿਚ ਮਹਾਕੁੰਭ ਦੀ ਯਾਤਰਾ ’ਤੇ ਭੇਜਿਆ ਜਾਵੇਗਾ।
ਸੀ.ਐੱਮ ਸੈਣੀ ਨੇ ਇੱਥੇ ਕਿਹਾ ਕਿ ਰਾਜ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ’ ਦੇ ਤਹਿਤ ਇਹ ਪਹਿਲਕਦਮੀ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਨਾਗਰਿਕਾਂ ਨੂੰ ਮਹਾਕੁੰਭ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗੀ। ਮੁੱਖ ਮੰਤਰੀ ਪ੍ਰਸ਼ਾਸਨਿਕ ਸਕੱਤਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਜਿੱਥੇ ਸੂਬਾ ਸਰਕਾਰ ਦੀਆਂ ਪਿਛਲੇ 100 ਦਿਨਾਂ ਦੀਆਂ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਗਈ।
ਜ਼ਿਕਰਯੋਗ ਹੈ ਕਿ ‘ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ’ ਤਹਿਤ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਬਜ਼ੁਰਗਾਂ ਨੂੰ ਪਹਿਲਾਂ ਹੀ ਰਾਮ ਲਾਲਾ ਦੇ ਦਰਸ਼ਨਾਂ ਲਈ ਅਯੁਧਿਆ ਭੇਜਿਆ ਜਾ ਰਿਹਾ ਹੈ। ਇਸ ਯੋਜਨਾ ਵਿਚ ਮਾਤਾ ਵੈਸ਼ਨੋ ਦੇਵੀ ਅਤੇ ਸ਼ਿਰਡੀ ਸਾਈਂ ਤੀਰਥ ਦੀ ਯਾਤਰਾ ਵੀ ਸ਼ਾਮਲ ਹੈ। ਹੁਣ ਇਸ ਯੋਜਨਾ ਦਾ ਦਾਇਰਾ ਵਧਾ ਕੇ ਪ੍ਰਯਾਗਰਾਜ ’ਚ ਹੋ ਰਹੇ ਮਹਾਕੁੰਭ ਨੂੰ ਸ਼ਾਮਲ ਕੀਤਾ ਗਿਆ ਹੈ।
ਸੀ.ਐੱਮ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪਹਿਲੇ 100 ਦਿਨਾਂ ਦੌਰਾਨ ਖੇਤੀਬਾੜੀ, ਸਿੱਖਿਆ, ਸਿਹਤ ਸਮੇਤ ਸਾਰੇ ਖੇਤਰਾਂ ਦੇ ਵਿਕਾਸ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਪਹਿਲੇ 100 ਦਿਨਾਂ ਅਤੇ ਅਗਲੇ ਪੰਜ ਸਾਲਾਂ ਵਿਚ ਸਰਕਾਰ ਦੇ ਲੋਕ ਭਲਾਈ ਏਜੰਡਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸਤ੍ਰਿਤ ਚਰਚਾ ਕੀਤੀ।