ਪਟਿਆਲਾ : ਥਾਣਾ ਸਦਰ ਪਟਿਆਲਾ ਅਧੀਨ ਪੈਂਦੇ ਪਿੰਡ ਤੇਜਾ ਦੇ ਰਹਿਣ ਵਾਲੇ 3 ਵਿਅਕਤੀ ਜਦੋਂ ਘਰ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਮੰਜਾਲ ਨੇੜੇ ਮੋਟਰਸਾਈਕਲ ‘ਤੇ ਆਏ 3 ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਇੱਕ ਵਾਲ ਵਾਲ ਬਚ ਗਿਆ। ਜ਼ਖ਼ਮੀਆਂ ਦੀ ਪਛਾਣ ਪਾਲਾ ਰਾਮ ਪੁੱਤਰ ਖੇਡ ਸਿੰਘ ਉਮਰ ਕਰੀਬ 52 ਸਾਲ, ਬਲਜਿੰਦਰ ਸਿੰਘ ਉਮਰ 35 ਸਾਲ ਵਜੋਂ ਹੋਈ ਹੈ।
ਜ਼ਖਮੀਆਂ ਨੂੰ ਪਹਿਲਾਂ ਭੁਨਰਹੇੜੀ ਹਸਪਤਾਲ ਅਤੇ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮੋਟਰਸਾਈਕਲ ਚਲਾ ਰਹੇ ਤੀਜੇ ਵਿਅਕਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਘਰ ਜਾ ਰਿਹਾ ਸੀ ਅਤੇ ਜਦੋਂ ਉਹ ਪਿੰਡ ਮੰਜਾਲ ਨੇੜੇ ਪੁੱਜਾ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਿੱਛੇ ਆ ਕੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਬਲਜਿੰਦਰ ਸਿੰਘ ਦੀ ਗਰਦਨ ਵਿੱਚ ਅਤੇ ਪਾਲਾ ਰਾਮ ਦੀ ਅੱਖ ਵਿੱਚ ਗੋਲੀ ਲੱਗੀ ਹੈ।
ਦੂਜੇ ਪਾਸੇ ਮੌਕੇ ’ਤੇ ਪੁੱਜੇ ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਉਹ ਖੁਦ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪੁੱਜੇ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।