ਪਟਿਆਲਾ: ਮਰਨ ਵਰਤ ਦੇ 38ਵੇਂ ਦਿਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦੀ ਹਾਲਤ ਬੇਹੱਦ ਨਾਜ਼ੁਕ ਦੌਰ ’ਚੋਂ ਗੁਜ਼ਰ ਰਹੀ ਹੈ। ਚੈਕਿੰਗ ਕਰਨ ਆਈ ਡਾਕਟਰਾਂ ਦੀ ਟੀਮ ਨੇ ਆਖਿਆ ਕਿ ਡੱਲੇਵਾਲ ਦੇ ਸਰੀਰ ’ਚੋਂ ਮਾਸ ਬਿਲਕੁੱਲ ਖਤਮ ਹੋ ਗਿਆ ਹੈ। ਸਿਰਫ ਹੱਡੀਆਂ ਹੀ ਬਚੀਆਂ ਹਨ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ।
ਇਸ ਮੌਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਉਹ ਭਲਕੇ ਖਨੌਰੀ ਬਾਰਡਰ ’ਤੇ ਹੋ ਰਹੀ ਮਹਾ-ਪੰਚਾਇਤ ’ਚ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਅਪੀਲ ਹੈ ਕਿ ਵੱਧ ਤੋਂ ਵੱਧ ਕਿਸਾਨ ਖਨੌਰੀ ਬਾਰਡਰ ਪੁੱਜਣ, ਜਿੱਥੇ ਉਹ ਆਪਣਾ ਸੰਦੇਸ਼ ਸਮੁੱਚੇ ਕਿਸਾਨਾਂ ਨੂੰ ਦੇਣਗੇ। ਇਸ ਦੇ ਨਾਲ ਹੀ ਭਲਕੇ ਦੇਸ਼ ਭਰ ਤੋਂ ਇਸ ਮਹਾ-ਪੰਚਾਇਤ ’ਚ ਪਹੁੰਚ ਰਹੇ ਲੱਖਾਂ ਕਿਸਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਵੱਖ-ਵੱਖ ਕਮੇਟੀਆਂ ਬਣਾ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੇ ਬਿਆਨ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਅਤੇ ਭਾਸ਼ਾ ਦੀ ਮਰਿਆਦਾ ਅਨੁਸਾਰ ਦਿੱਤੇ ਜਾ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੀਆਂ ਦਿਲੀ ਭਾਵਨਾਵਾਂ ਅਨੁਸਾਰ ਹੀ ਸਾਰੇ ਬਿਆਨ ਦਿੱਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਤੋਂ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਹ ਇਨਸਾਫ਼ ਦੀ ਆਪਣੀ ਆਖਰੀ ਉਮੀਦ ਮਾਣਯੋਗ ਸੁਪਰੀਮ ਕੋਰਟ ਤੋਂ ਹੀ ਰੱਖਦਾ ਹੈ।
ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਖੇਤੀਬਾੜੀ ਬਾਰੇ ਬਣੀ ਸੰਸਦੀ ਕਮੇਟੀ ਦੀ ਰਿਪੋਰਟ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਅੰਤਰਿਮ ਰਿਪੋਰਟ ਲਾਗੂ ਕਰਨ, ਜਿਸ ’ਚ ਗਾਰੰਟੀ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੌਰਾਨ ਕਰਨਾਟਕ ਅਤੇ ਤਾਮਿਲਨਾਡੂ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਕੁਰਬਰੂ ਸ਼ਾਂਤਾਕੁਮਾਰ ਅਤੇ ਪੀ. ਆਰ. ਪੰਡਯਾਨ ਦੀ ਅਗਵਾਈ ਹੇਠ ਖਨੌਰੀ ਕਿਸਾਨ ਮੋਰਚਾ ’ਚ ਪਹੁੰਚਿਆ।
ਪੰਧੇਰ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ’ਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਲਾਏ ਦੋਸ਼
ਦੂਸਰੇ ਪਾਸੇ ਸ਼ੰਭੂ ਬਾਰਡਰ ਤੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ (Farmer Leader Sarwan Singh Pandher) ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਸ਼ਿਵਰਾਜ ਚੌਹਾਨ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਤੁਸੀਂ ਸਬਸਿਡੀਆਂ ਦੇ ਨਾਂ ’ਤੇ ਕਿਸਾਨਾਂ ਅਤੇ ਲੋਕਾਂ ਨੂੰ ਉਲਝਾ ਰਹੇ ਹਾਂ।
ਪੰਧੇਰ ਨੇ ਆਖਿਆ ਕਿ ਖਾਦ ਦਾ ਥੈਲਾ 450 ਰੁਪਏ ਤੋਂ ਤੁਹਾਡੀ ਸਰਕਾਰ ’ਚ 1800 ਰੁਪਏ ਪਹੁੰਚ ਗਿਆ, ਕੀ ਇਹ ਸਬਸਿਡੀਆਂ ਹਨ? ਤੁਸੀਂ ਯੂਰੀਆ ਦਾ ਥੈਲਾ 50 ਕਿਲੋ ਤੋਂ 45 ਕਿਲੋ ਕਰ ਦਿੱਤਾ, ਕੀ ਇਹ ਸਬਸਿਡੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਸਬਸਿਡੀਆਂ ਦੇਣ ਦੀ ਥਾਂ ਖਤਮ ਕਰ ਰਹੀ ਹੈ। ਕੁਝ ਦੇਸ਼ ਦੇ ਅਮੀਰ ਲੋਕਾਂ ਨੂੰ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਮਾਰ ਰਹੀ ਹੈ। ਉਨ੍ਹਾਂ ਆਖਿਆ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਜਿਥੇ ਬਹੁਤ ਹੀ ਵੱਡੀ ਮਹਾ-ਪੰਚਾਇਤ ਹੋਵੇਗੀ, ਉੱਥੇ 6 ਜਨਵਰੀ ਨੂੰ ਸ਼ੰਭੂ ਬਾਰਡਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ।