ਨਵੀਂ ਦਿੱਲੀ : ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ (Rahul Gandhi) ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਨੇ ਅੱਜ ਕਾਂਗਰਸ ਹੈੱਡਕੁਆਰਟਰ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Former Prime Minister Manmohan Singh) ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਸਿੰਘ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ ਵਿਖੇ ਕੀਤਾ ਜਾਵੇਗਾ।
ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਸਵੇਰੇ 9 ਵਜੇ ਦੇ ਕਰੀਬ ਕਾਂਗਰਸ ਹੈੱਡਕੁਆਰਟਰ ਲਿਆਂਦਾ ਗਿਆ, ਜਿੱਥੇ ਪਾਰਟੀ ਦੇ ਆਗੂ ਅਤੇ ਵਰਕਰ ਪਹਿਲਾਂ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਉਡੀਕ ਕਰ ਰਹੇ ਸਨ। ਸਿੰਘ ਦੀ ਮ੍ਰਿਤਕ ਦੇਹ ਨੂੰ ਕਾਂਗਰਸ ਹੈੱਡਕੁਆਰਟਰ ’24 ਅਕਬਰ ਰੋਡ’ ‘ਤੇ ਰੱਖਣ ਤੋਂ ਬਾਅਦ ਸੋਨੀਆ ਗਾਂਧੀ, ਖੜਗੇ, ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਡੀ.ਕੇ. ਸ਼ਿਵਕੁਮਾਰ, ਕਾਂਗਰਸ ਸੀਨੀਅਰ ਨੇਤਾ ਪੀ ਚਿਦਾਂਬਰਮ, ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਕਾਂਗਰਸ ਹੈੱਡਕੁਆਰਟਰ ਵਿਖੇ ਮੌਜੂਦ ਸਨ।
ਸਾਬਕਾ ਪ੍ਰਧਾਨ ਮੰਤਰੀ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਵਰਕਰ ਪਹਿਲਾਂ ਹੀ ਕਤਾਰਾਂ ਵਿੱਚ ਖੜ੍ਹੇ ਸਨ ਅਤੇ ਉਨ੍ਹਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਭਾਰਤੀ ਰਾਜਨੀਤੀ ਦੇ ਇਸ ਕੋਮਲ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੀ ਰਾਤ ਨੂੰ ਕਿਹਾ ਸੀ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਲਈ ਜਗ੍ਹਾ ਅਲਾਟ ਕਰੇਗੀ।