ਸਿੰਗਾਪੁਰ : ਸਿੰਗਾਪੁਰ ਵਿੱਚ ਇੱਕ ਵਿਰੋਧੀ ਗੈਂਗ ਦੇ ਮੈਂਬਰ ਨੂੰ ਜਾਣਬੁੱਝ ਕੇ ਜ਼ਖਮੀ ਕਰਨ ਦਾ ਦੋਸ਼ੀ ਮੰਨਣ ਤੋਂ ਬਾਅਦ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਛੇ ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ਨੂੰ ਸੂਰਿਆਮੂਰਤੀ ਨੂੰ ਗੈਰ-ਕਾਨੂੰਨੀ ਜੂਏ ਨਾਲ ਸਬੰਧਤ ਇੱਕ ਵੱਖਰੇ ਅਪਰਾਧ ਲਈ ਦੋਸ਼ੀ ਮੰਨਣ ਤੋਂ ਬਾਅਦ S$2,000 ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
ਵਿਸ਼ਨੂੰ ਦੇ ਸਮੂਹ ਦੇ ਮੈਂਬਰ ਅਸਵਨ ਪਚਨ ਪਿੱਲਈ ਸੁਕੁਮਾਰ ‘ਤੇ 20 ਅਗਸਤ, 2023 ਨੂੰ ਆਰਚਰਡ ਰੋਡ ਨੇੜੇ ਸਵੇਰੇ 6 ਵਜੇ ਦੇ ਕਰੀਬ ਝਗੜੇ ਤੋਂ ਬਾਅਦ ਮੁਹੰਮਦ ਇਸ਼ਰਤ ਮੁਹੰਮਦ ਇਸਮਾਈਲ (29) ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਰਤੀ ਮੂਲ ਦੇ ਸੁਕੁਮਾਰਨ (30) ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਫਿਲਹਾਲ ਅਦਾਲਤਾਂ ਵਿੱਚ ਵਿਚਾਰ ਅਧੀਨ ਹੈ। ਸੁਕੁਮਾਰਨ ਨੇ ਕਥਿਤ ਤੌਰ ‘ਤੇ ਇਸਮਾਈਲ` ਦਾ ਚਾਕੂ ਖੋਹ ਲਿਆ ਸੀ ਅਤੇ ਉਸ ‘ਤੇ ਕਈ ਵਾਰ ਕੀਤੇ ਸਨ।
ਵਿਸ਼ਨੂੰ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਲਈ 2022 ਵਿੱਚ ਦੋ ਵਾਰ ਜੇਲ੍ਹ ਭੇਜਿਆ ਗਿਆ ਸੀ। ਜੱਜ ਓਂਗ ਲੁਆਨ ਜ਼ੇ ਨੇ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਨੂੰ ਨੂੰ ਸਜ਼ਾ ਸੁਣਾਈ, ‘ਤੁਸੀਂ ਅਜੇ ਵੀ ਜਵਾਨ ਹੋ… ਤੁਸੀਂ ਆਪਣੇ ਭਵਿੱਖ ਬਾਰੇ ਸੋਚਣ ਲਈ ਕੁਝ ਸਮਾਂ ਕੱਢੋ, ਅਤੇ ਇਸ ਕੇਸ ਤੋਂ ਬਾਅਦ, ਅਦਾਲਤ ਵਿੱਚ ਵਾਪਸ ਨਾ ਆਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰੋ।’ ਵਿਸ਼ਨੂੰ ਨੇ ਖੁਦ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।