ਜੈਪੁਰ: ਰਾਜਧਾਨੀ ਜੈਪੁਰ ਦੇ ਅਜਮੇਰ ਰੋਡ (Ajmer Road) ‘ਤੇ ਅੱਜ ਤੜਕੇ ਸੀ.ਐਨ.ਜੀ. ਗੈਸ ਨਾਲ ਭਰੇ ਇੱਕ ਟੈਂਕਰ ਵਿੱਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਕਈ ਵਾਹਨਾਂ ਨੂੰ ਲੱਗੀ ਅੱਗ ਵਿੱਚ ਪੰਜ ਲੋਕ ਜ਼ਿੰਦਾ ਸੜ ਗਏ। ਹਾਦਸੇ ਵਿੱਚ ਅੱਠ ਤੋਂ ਦਸ ਲੋਕਾਂ ਦੇ ਜ਼ਿੰਦਾ ਸੜਨ ਦਾ ਖ਼ਦਸ਼ਾ ਹੈ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਝੁਲਸ ਗਏ 38 ਲੋਕਾਂ ਨੂੰ ਸਵਾਈ ਮਾਨਸਿੰਘ ਹਸਪਤਾਲ ਲਿਜਾਇਆ ਗਿਆ। ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ (Chief Minister Bhajan Lal Sharma) ਅਤੇ ਮੈਡੀਕਲ ਮੰਤਰੀ ਗਜੇਂਦਰ ਸਿੰਘ ਖਿਨਵਸਰ ਜ਼ਖਮੀਆਂ ਨੂੰ ਮਿਲਣ ਲਈ ਉੱਥੇ ਪਹੁੰਚੇ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ।
ਇਹ ਹਾਦਸਾ ਅਜਮੇਰ ਰੋਡ ‘ਤੇ ਭੰਕਰੋਟਾ ਪੈਟਰੋਲ ਪੰਪ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਢਾਈ ਦਰਜਨ ਦੇ ਕਰੀਬ ਹੋਰ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਉਹ ਸਾਰੇ ਵਾਹਨ ਵੀ ਸੜ ਕੇ ਸੁਆਹ ਹੋ ਗਏ। ਹਾਦਸੇ ਤੋਂ ਬਾਅਦ ਅਜਮੇਰ ਰੋਡ ‘ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਬਚਾਅ ਕਾਰਜ ਚਲਾ ਰਹੇ ਹਨ। ਸੜੇ ਹੋਏ ਵਾਹਨਾਂ ਵਿਚ ਸਵਾਰ ਲੋਕਾਂ ਦੀ ਭਾਲ ਜਾਰੀ ਹੈ। ਮੈਡੀਕਲ ਮੰਤਰੀ ਗਜੇਂਦਰ ਸਿੰਘ ਐਸ.ਐਮ.ਐਸ. ਹਸਪਤਾਲ ਵਿੱਚ ਜ਼ਖ਼ਮੀਆਂ ਦੇ ਇਲਾਜ ਦੀ ਨਿਗਰਾਨੀ ਕਰ ਰਹੇ ਹਨ।