ਗੁਰਦਾਸਪੁਰ : ਕਈ ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਵੀ ਸਫ਼ਲਤਾ ਦੀਆਂ ਕਹਾਣੀਆਂ ਲਿਖੀਆਂ ਹਨ। ਅਜਿਹੀ ਹੀ ਇੱਕ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਵਿਦੇਸ਼ ਵਿੱਚ ਇੱਕ ਕੁੜੀ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਦੀ ਧੀ ਆਸਟ੍ਰੇਲੀਆ ਦੀ ਧਰਤੀ ‘ਤੇ ਜਾ ਕੇ ਆਪਣੀ ਕਾਬਲੀਅਤ ਦੇ ਦਮ ‘ਤੇ ਆਸਟ੍ਰੇਲੀਅਨ ਫੌਜ ‘ਚ ਲੈਫਟੀਨੈਂਟ ਦੇ ਅਹੁਦੇ ‘ਤੇ ਪਹੁੰਚੀ ਹੈ।
ਗੁਰਦਾਸਪੁਰ ਨੇੜੇ ਨਵਾਂ ਪਿੰਡ ਬਹਾਦਰਪੁਰ ਦੀ ਰਹਿਣ ਵਾਲੀ ਗੁਰਪ੍ਰੀਤ 2014 ਵਿਚ ਸੈਨਿਕ ਸਕੂਲ ਗੁਰਦਾਸਪੁਰ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਆਪਣੇ ਮਾਮੇ ਨਾਲ ਆਸਟ੍ਰੇਲੀਆ ਗਈ ਸੀ। ਉਥੇ ਗੁਰਪ੍ਰੀਤ ਨੇ ਅਕਾਊਂਟਸ ਵਿਚ ਗ੍ਰੈਜੂਏਸ਼ਨ ਕੀਤੀ ਪਰ ਇਕ ਫੌਜੀ ਪਿਤਾ ਦੀ ਬੇਟੀ ਹੋਣ ਕਾਰਨ ਉਸ ਦਾ ਸੁਪਨਾ ਫੌਜ ਵਿਚ ਭਰਤੀ ਹੋਣਾ ਸੀ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਇੱਕ ਕਲਰਕ ਦੇ ਤੌਰ ‘ਤੇ ਆਸਟ੍ਰੇਲੀਅਨ ਆਰਮੀ ਵਿੱਚ ਸ਼ਾਮਲ ਹੋ ਗਈ ਅਤੇ ਆਪਣੀ ਯੋਗਤਾ ਦੇ ਕਾਰਨ, ਟੈਸਟ ਪਾਸ ਕਰਕੇ 4 ਸਾਲਾਂ ਵਿੱਚ ਲੈਫਟੀਨੈਂਟ ਬਣ ਗਈ। ਪਿੰਡ ‘ਚ ਰਹਿੰਦੇ ਗੁਰਪ੍ਰੀਤ ਦੇ ਪਰਿਵਾਰ ਸਮੇਤ ਪੂਰਾ ਪਿੰਡ ਉਸ ਦੀ ਇਸ ਕਾਮਯਾਬੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਸਰਪੰਚ ਸਮੇਤ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਪਿੰਡ ਦੇ ਪੰਚ ਅਤੇ ਯੂਥ ਕਲਚਰਲ ਕਲੱਬ ਨੇ ਹਰ ਪੰਜਾਬੀ ਧੀ ਗੁਰਪ੍ਰੀਤ ਨੂੰ ਪਿੰਡ ਆਉਣ ‘ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।