ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉਨ੍ਹਾਂ ਦਾ ਕੰਸਰਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੰਡੀਗੜ੍ਹ ‘ਚ ਦਿਲਜੀਤ ਦੋਸਾਂਝ ਦਾ ਕੰਸਰਟ ਲਗਾਤਾਰ ਵਿਵਾਦਾਂ ‘ਚ ਘਿਰਦਾ ਜਾ ਰਿਹਾ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਵਾਬ ਦਾਖ਼ਲ ਕੀਤਾ ਹੈ। ਦਰਅਸਲ, ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਲੈ ਕੇ ਹਾਈਕੋਰਟ ‘ਚ ਕਿਹਾ ਕਿ ਇਸ ਨੇ ਰਾਤ ਨੂੰ ਆਵਾਜ਼ ਪ੍ਰਦੂਸ਼ਣ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੇ ਸ਼ੋਅ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੂਰੇ ਸ਼ੋਅ ਦੌਰਾਨ ਆਵਾਜ਼ 75 ਡੈਸੀਬਲ ਤੋਂ ਵੱਧ ਰਹੀ। ਦੂਜੇ ਪਾਸੇ ਇਸ ਰਿਕਾਰਡ ਸਬੰਧੀ ਜਾਣਕਾਰੀ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਨੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਸੌਂਪੀ ਰਿਪੋਰਟ ਵਿੱਚ ਪਾਇਆ ਕਿ ਸਮਾਗਮ ਦੌਰਾਨ ਸ਼ੋਰ ਦਾ ਪੱਧਰ 70 ਤੋਂ 80 ਡੈਸੀਬਲ ਤੱਕ ਸੀ, ਜੋ ਨਿਯਮਾਂ ਦੀ ਉਲੰਘਣਾ ਹੈ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਕੰਸਰਟ ਤੋਂ ਪਹਿਲਾਂ 13 ਦਸੰਬਰ ਨੂੰ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਫੰਕਸ਼ਨ ਵਿੱਚ ਆਵਾਜ਼ ਦਾ ਪੱਧਰ 75 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜੇਕਰ ਇਸ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹਾਈਕੋਰਟ ਨੇ ਉਪਰੋਕਤ ਹੁਕਮ ਸੈਕਟਰ 23 ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਪਟੀਸ਼ਨ ‘ਤੇ ਜਾਰੀ ਕੀਤੇ ਸਨ। ਇਸ ਦੌਰਾਨ ਹਾਈਕੋਰਟ ਨੇ ਕੰਸਰਟ ਤੋਂ ਬਾਅਦ 18 ਦਸੰਬਰ ਤੱਕ ਨਿਯਮਾਂ ਦੀ ਪਾਲਣਾ ਸਬੰਧੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।
ਦੂਜੇ ਪਾਸੇ ਦਿਲਜੀਤ ਦੋਸਾਂਝ ਦਾ ਵੀ ਸਪੱਸ਼ਟੀਕਰਨ ਆਇਆ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ, ‘ਨਹੀਂ, ਮੈਂ ਕਿਹਾ ਕਿ ਚੰਡੀਗੜ੍ਹ ‘ਚ ਸਮਾਗਮ ਵਾਲੀ ਥਾਂ ਨੂੰ ਲੈ ਕੇ ਕੋਈ ਸਮੱਸਿਆ ਹੈ। ਇਸ ਲਈ ਜਦੋਂ ਤੱਕ ਚੰਡੀਗੜ੍ਹ ਵਿੱਚ ਸਹੀ ਥਾਂ ਨਹੀਂ ਮਿਲ ਜਾਂਦੀ, ਮੈਂ ਇੱਥੇ ਸ਼ੋਅ ਨਹੀਂ ਕਰਾਂਗਾ। ਦੱਸ ਦੇਈਏ ਕਿ ਉਨ੍ਹਾਂ ਨੇ ਇਸ ਪੋਸਟ ਨੂੰ 20 ਮਿੰਟ ਬਾਅਦ ਡਿਲੀਟ ਵੀ ਕਰ ਦਿੱਤਾ ਸੀ।