ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ, ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। CIA ਸਟਾਫ਼ 2 ਦੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਨੁਸਾਰ ਉਹ ਪੁਲਿਸ ਟੀਮ ਨਾਲ ਪਿੰਡ ਬਲਾਹੜ ਬਿੰਝੂ ਵਿੱਚ ਗਸ਼ਤ ਕਰ ਰਹੇ ਸਨ।
ਇਸ ਦੌਰਾਨ ਸ਼ੱਕ ਦੇ ਆਧਾਰ ‘ਤੇ ਮੁਲਜ਼ਮ ਮਨਜਿੰਦਰ ਸਿੰਘ ਵਾਸੀ ਪਿੰਡ ਮਹਿਮਾ ਭਗਵਾਨਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਟੀਮ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਥਾਣਾ ਨੇਹੀਆਂਵਾਲਾ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਿਟੀ ਰਾਮਪੁਰਾ ਦੇ ਹੌਲਦਾਰ ਨਵਦੀਪ ਰਾਏ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਲਹਿਰਾ ਧੂਰਕੋਟ ‘ਚ ਛਾਪੇਮਾਰੀ ਕਰ ਕੇ ਦੋਸ਼ੀ ਗੁਰਵਿੰਦਰ ਸਿੰਘ ਨੂੰ 50 ਲੀਟਰ ਲਾਹਣ, 2 ਲੀਟਰ ਨਜਾਇਜ਼ ਸ਼ਰਾਬ, ਭੱਠੀ ਅਤੇ ਗੈਸ ਸਿਲੰਡਰ ਸਮੇਤ ਕਾਬੂ ਕੀਤਾ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਰਾਮਾ ਦੇ ਸਬ-ਇੰਸਪੈਕਟਰ ਰਣਧੀਰ ਸਿੰਘ ਨੇ ਵੀ ਪਿੰਡ ਬੰਗੀ ਰੁਲਦੂ ‘ਚ ਛਾਪੇਮਾਰੀ ਕਰਕੇ ਕਥਿਤ ਦੋਸ਼ੀ ਕਾਕਾ ਸਿੰਘ ਵਾਸੀ ਪਿੰਡ ਸਾਹਿਬ ਚੰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 400 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸੰਗਤ ਦੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਪਿੰਡ ਪੱਕਾ ਕਲਾਂ ‘ਚ ਨਾਕਾਬੰਦੀ ਦੌਰਾਨ ਹਰਿਆਣਾ ਨੰਬਰ ਦੀ ਕਾਰ ‘ਚ ਸਵਾਰ ਮੁਲਜ਼ਮ ਰਾਜ ਸਿੰਘ ਅਤੇ ਜਗਤਾਰ ਸਿੰਘ ਵਾਸੀ ਪਿੰਡ ਮੱਲਵਾਲਾ ਨੂੰ 24 ਬੋਤਲਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।