ਚੰਡੀਗੜ੍ਹ : 1998 ‘ਚ ਦੋ ਦੋਸਤ ਦਿਨੇਸ਼ ਸੂਦ ਅਤੇ ਕੁਲਜਿੰਦਰ ਸਿੱਧੂ ਨੇ 1,000 ਮਹੀਨਾਵਾਰ ਤਨਖ਼ਾਹ ‘ਤੇ ਪੱਤਰਕਾਰਤਾ ਕਰੀਅਰ ਦੀ ਸ਼ੁਰੂਆਤ ਕੀਤੀ। 25 ਸਾਲਾਂ ਦੇ ਸਫਰ ਵਿੱਚ ਜਜ਼ਬੇ, ਦ੍ਰਿੜ੍ਹਤਾ ਤੇ ਅਡੋਲ ਹੌਂਸਲੇ ਦੇ ਨਾਲ ਉਨ੍ਹਾਂ ਨੇ ਉਹ ਹਾਸਲ ਕੀਤਾ ਜੋ ਇੱਕ ਸਮੇਂ ਅਸੰਭਵ ਜਾਪਦਾ ਸੀ। ਮਿਹਨਤ, ਹਿੰਮਤ, ਦੂਰਅੰਦੇਸ਼ੀ ਤੇ ਕ੍ਰਿਏਟੀਵਿਟੀ ਦੇ ਜ਼ਰੀਏ ਇਸ ਜੋੜੀ ਨੇ ਪੱਤਰਕਾਰਤਾ ਤੋਂ ਐਡਵਾਰਟਾਈਜ਼ਿੰਗ, ਪੀ.ਆਰ., ਈਵੈਂਟ ਮੈਨੇਜਮੈਂਟ ਤੇ ਮਨੋਰੰਜਨ ਉਦਯੋਗ ਤੱਕ ਆਪਣਾ ਸਫਰ ਤੈਅ ਕੀਤਾ।
1990 ਦੇ ਆਖਰੀ ਦਹਾਕੇ ਵਿੱਚ ਦਿਨੇਸ ਤੇ ਕੁਲਜਿੰਦਰ ਨੇ ਚੰਡੀਗੜ੍ਹ ਦੇ ਇੱਕ ਅਖ਼ਬਾਰ ਵਿੱਚ ਟਰੇਨੀ ਪੱਤਰਕਾਰਾਂ ਵਜੋਂ ਕੰਮ ਕੀਤਾ। ਘੱਟ ਸਰੋਤਾਂ ਤੇ ਘੱਟ ਤਨਖ਼ਾਹ ਦੇ ਬਾਵਜੂਦ ਉਹ ਵੱਡੇ ਸੁਪਨੇ ਦੇਖਦੇ ਰਹੇ। ਕਈ ਵਾਰ ਕਿਰਾਇਆ ਭਰਨ ਤੇ ਖਾਣਾ ਖਾਣ ਲਈ ਸੰਘਰਸ਼ ਕਰਨਾ ਪਿਆ, ਪਰ ਵਿੱਤੀ ਚੁਣੌਤੀਆਂ ਨੇ ਕਦੇ ਵੀ ਉਨ੍ਹਾਂ ਦੇ ਅਰਮਾਨਾਂ ਨੂੰ ਰੁਕਣ ਨਹੀਂ ਦਿੱਤਾ। ਪੱਤਰਕਾਰਤਾ ਵਿੱਚ ਇੱਕ ਸਾਲ ਬਾਅਦ ਉਨ੍ਹਾਂ ਨੇ ਸਮਝਿਆ ਕਿ ਮਾਸ ਕਮਿਊਨੀਕੇਸ਼ਨ ਦੇ ਗਿਆਨ ਨੂੰ ਰਿਪੋਰਟਿੰਗ ਤੋਂ ਪਰ੍ਹੇ ਵਰਤਿਆ ਜਾ ਸਕਦਾ ਹੈ।