ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਅੱਜ ਤੜਕੇ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਘਰਾਂ ‘ਚੋਂ ਬਾਹਰ ਆਉਣ ਲਈ ਮਜ਼ਬੂਰ ਕਰ ਦਿੱਤਾ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.3 ਮਾਪੀ ਗਈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਘਟਨਾ ਤੜਕੇ ਕਰੀਬ 2:30 ਵਜੇ ਵਾਪਰੀ, ਜਦੋਂ ਜ਼ਿਆਦਾਤਰ ਲੋਕ ਗੂੜ੍ਹੀ ਨੀਂਦ ‘ਚ ਸਨ। ਭੂਚਾਲ ਦੇ ਝਟਕੇ ਮੰਡੀ ਸ਼ਹਿਰ ਵਿੱਚ ਆਏ ਅਤੇ ਇੱਕ ਤੋਂ ਬਾਅਦ ਇੱਕ 3 ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਬੱਚਿਆਂ ਅਤੇ ਪਰਿਵਾਰਾਂ ਸਮੇਤ ਸੜਕਾਂ ‘ਤੇ ਆ ਗਏ ਅਤੇ ਸਵੇਰ ਤੱਕ ਆਪਣੇ ਘਰਾਂ ਨੂੰ ਪਰਤਣ ਦੀ ਹਿੰਮਤ ਨਹੀਂ ਜੁਟਾ ਸਕੇ।
ਮੰਡੀ ਜ਼ਿਲ੍ਹਾ ਭੁਚਾਲ ਸੰਭਾਵੀ ਜ਼ੋਨ 5 ਵਿੱਚ ਆਉਂਦਾ ਹੈ, ਜਿੱਥੇ ਛੋਟੇ ਝਟਕੇ ਭਵਿੱਖ ਵਿੱਚ ਇੱਕ ਵੱਡੇ ਭੂਚਾਲ ਦਾ ਸੰਕੇਤ ਹੋ ਸਕਦੇ ਹਨ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਮਾਹਿਰਾਂ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਬੀਤੇ ਦਿਨ ਅਮਰੀਕਾ ਦੇ ਕੈਲੀਫੋਰਨੀਆ ‘ਚ 7.0 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਤੱਟਵਰਤੀ ਇਲਾਕਿਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਟੋਂਗਾ ‘ਚ 5.1 ਤੀਬਰਤਾ ਦੇ ਭੂਚਾਲ ਨੇ ਹਲਚਲ ਮਚਾ ਦਿੱਤੀ। ਹਾਲਾਂਕਿ ਦੋਵਾਂ ਥਾਵਾਂ ‘ਤੇ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਭੂਚਾਲ ਦੇ ਝਟਕਿਆਂ ਤੋਂ ਮੰਡੀ ਦੇ ਲੋਕ ਅਜੇ ਵੀ ਚਿੰਤਤ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਹੈ।