ਆਗਰਾ-ਲਖਨਊ ‘ਚ ਪਾਣੀ ਦੇ ਟੈਂਕਰ ‘ਤੇ ਬੱਸ ਦੀ ਹੋਈ ਟੱਕਰ, 8 ਲੋਕਾਂ ਦੀ ਮੌਤ, 19 ਜ਼ਖ਼ਮੀ

0
41

ਕਾਨਪੁਰ : ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਬੀਤੇ ਦਿਨ ਪਾਣੀ ਦੇ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੀ.ਐੱਮ.ਐੱਨ.ਆਰ.ਐੱਫ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

ਪੁਲਿਸ ਮੁਤਾਬਕ ਇਹ ਹਾਦਸਾ ਮੀਲ ਪੱਥਰ ਨੰਬਰ 141 ਨੇੜੇ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ ਜਦੋਂ ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਨੇ ਡਿਵਾਈਡਰ ਦੇ ਨਾਲ ਪੌਦਿਆਂ ਨੂੰ ਪਾਣੀ ਦੇ ਰਹੇ ਟੈਂਕਰ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਦੋਵੇਂ ਵਾਹਨ ਪਲਟ ਗਏ। ਯੂਪੀ ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ, ਜੋ ਐਕਸਪ੍ਰੈਸਵੇਅ ‘ਤੇ ਯਾਤਰਾ ਕਰ ਰਹੇ ਸਨ, ਨੇ ਜ਼ਖਮੀਆਂ ਨੂੰ ਬਚਾਉਣ ਅਤੇ ਤੀਰਵਾ, ਕਨੌਜ ਅਤੇ ਸੈਫਈ ਦੇ ਹਸਪਤਾਲਾਂ ਵਿੱਚ ਉਨ੍ਹਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਆਪਣੇ ਕਾਫਲੇ ਨੂੰ ਰੋਕਿਆ। ਮੰਤਰੀ ਨੇ ਕਿਹਾ, ‘ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਖਮੀ ਲੋਕਾਂ ਨੂੰ ਵਧੀਆ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਯੂ.ਪੀ.ਈ.ਡੀ.ਏ ਦੀ ਟੀਮ ਅਤੇ ਪੁਲਿਸ ਸਮੇਤ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਿਲ੍ਹਾ ਮੈਜਿਸਟਰੇਟ ਸ਼ੁਭ੍ਰੰਤ ਕੁਮਾਰ ਸ਼ੁਕਲਾ ਅਤੇ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਆਨੰਦ ਵੀ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਵਸਨੀਕਾਂ ਨੇ ਫਸੇ ਯਾਤਰੀਆਂ ਨੂੰ ਛੁਡਾਉਣ ਲਈ ਬੱਸ ਦੀਆਂ ਖਿੜਕੀਆਂ ਤੋੜ ਕੇ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ। ਐਸ.ਪੀ ਨੇ ਕਿਹਾ ਕਿ ‘ਹਾਦਸੇ ‘ਚ ਅੱਠ ਯਾਤਰੀਆਂ ਦੀ ਜਾਨ ਚਲੀ ਗਈ। ਜ਼ਖਮੀ ਲੋਕਾਂ ਦਾ ਇਟਾਵਾ ਦੇ ਸੈਫਈ ਮੈਡੀਕਲ ਕਾਲਜ ਅਤੇ ਹੋਰ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਕਿਹਾ, ‘ਜਿਹੜੇ ਮੁਸਾਫਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਉਨ੍ਹਾਂ ਨੂੰ ਕਿਸੇ ਹੋਰ ਬੱਸ ਵਿੱਚ ਉਨ੍ਹਾਂ ਦੇ ਟਿਕਾਣਿਆਂ ‘ਤੇ ਭੇਜ ਦਿੱਤਾ ਗਿਆ ਹੈ।’ ਯਾਤਰੀਆਂ ਨੇ ਦੱਸਿਆ ਕਿ ਸ਼ਾਇਦ ਡਰਾਈਵਰ ਨੂੰ ਨੀਂਦ ਆ ਗਈ ਅਤੇ ਬੱਸ ‘ਤੇ ਕੰਟਰੋਲ ਗੁਆ ਬੈਠਾ। ਮ੍ਰਿਤਕਾਂ ਦੀ ਪਛਾਣ ਲਖਨਊ ਦੇ ਧਰਮਿੰਦਰ ਵਰਸ਼ਨੇ (53), ਗਿਰੀਸ਼ ਯਾਦਵ (52) ਅਤੇ ਅੰਕੁਰ ਬੌਬੀ (45), ਹਰਦੋਈ ਦੇ ਰਾਹੁਲ (26) ਅਤੇ ਪੂਰਨ (40), ਕੰਨੌਜ ਦੇ ਰਿਸ਼ੀ ਯਾਦਵ (24) ਅਤੇ ਅਕਾਲ ਜੋਤ ਸਿੰਘ (24) ਅਤੇ ਪ੍ਰੇਮ ਸਿੰਘ (37) ਝੁੰਝਨੂ (ਰਾਜਸਥਾਨ) ਵਜੋਂ ਹੋਈ ਹੈ।

LEAVE A REPLY

Please enter your comment!
Please enter your name here