ਹਰਿਆਣਾ : ਹਰਿਆਣਾ ਸਰਕਾਰ ਨੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਰੁਜ਼ਗਾਰ ਦੇਣ ਲਈ ਇਕ ਯੋਜਨਾ ਬਣਾਈ ਹੈ। ਅਗਲੇ 5 ਸਾਲਾਂ ਵਿੱਚ ਸੂਬੇ ਵਿੱਚ 10 ਨਵੇਂ ਉਦਯੋਗਿਕ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ‘ਚ ਇਸ ਦਾ ਐਲਾਨ ਕਰਦੇ ਹੋਏ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਨੂੰ ਸੋਨੀਪਤ ਜ਼ਿਲ੍ਹੇ ਦੇ ਖਰਖੋਦਾ ਦੀ ਤਰਜ਼ ‘ਤੇ ਵਿਕਸਿਤ ਕੀਤਾ ਜਾਵੇਗਾ।
ਇਨ੍ਹਾਂ ਉਦਯੋਗਿਕ ਸ਼ਹਿਰਾਂ ਦੇ ਵਿਕਾਸ ਤੋਂ ਬਾਅਦ ਲੱਖਾਂ ਨੌਜ਼ਵਾਨਾਂ ਨੂੰ ਰੁਜ਼ਗਾਰ ਮਿਲ ਸਕੇਗਾ। ਇਸ ਤਰ੍ਹਾਂ ਬੇਰੋਜ਼ਗਾਰ ਨੌਜ਼ਵਾਨਾਂ ਲਈ ਇਹ ਉਪਰਾਲਾ ਬਹੁਤ ਹੀ ਸ਼ਾਨਦਾਰ ਸਾਬਤ ਹੋਣ ਵਾਲਾ ਹੈ। ਇਨ੍ਹਾਂ ਸ਼ਹਿਰਾਂ ਵਿੱਚ ਵੱਡੇ ਉਦਯੋਗ ਸਥਾਪਿਤ ਕੀਤੇ ਜਾਣਗੇ, ਜੋ ਸਥਾਨਕ ਬੇਰੁਜ਼ਗਾਰੀ ਨੂੰ ਘਟਾਉਣ ਵਿੱਚ ਸਹਾਈ ਹੋਣਗੇ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਰੋਹਤਕ ਵਿੱਚ ਇੱਕ ਇਲੈਕਟ੍ਰਿਕ ਵਹੀਕਲ (EV) ਪਾਰਕ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੰਚਕੂਲਾ ਅਤੇ ਫਰੀਦਾਬਾਦ ਵਿੱਚ ਆਈ.ਟੀ ਪਾਰਕ ਅਤੇ ਡਾਟਾ ਸੈਂਟਰ ਸਥਾਪਿਤ ਕੀਤੇ ਜਾਣਗੇ।
- ਸੋਨੀਪਤ ਵਿੱਚ ਵਿਸ਼ਵ ਪੱਧਰੀ ਲੌਜਿਸਟਿਕ ਹੱਬ ਬਣਨ ਨਾਲ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਮਿਲੇਗਾ।
- ਝੱਜਰ ਵਿੱਚ ਫੁੱਟਵੀਅਰ ਪਾਰਕ ਅਤੇ ਕੁਰੂਕਸ਼ੇਤਰ ਵਿੱਚ ਸੂਰਜਮੁਖੀ ਤੇਲ ਮਿੱਲ ਸਥਾਪਤ ਕੀਤੀ ਜਾਵੇਗੀ।
- ਸਰਕਾਰੀ ਖੇਤਰ ਦੀ ਸਭ ਤੋਂ ਵੱਡੀ ਸਰ੍ਹੋਂ ਦੇ ਤੇਲ ਦੀ ਮਿੱਲ ਦੱਖਣੀ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਸਥਾਪਿਤ ਕੀਤੀ ਜਾਵੇਗੀ।
- ਸਰਕਾਰ ਨੇ ਐਨ.ਸੀ.ਆਰ ਖੇਤਰ ਵਿੱਚ ਇੱਕ ਲੌਜਿਸਟਿਕ ਹੱਬ ਵਿਕਸਤ ਕਰਨ ਦਾ ਵੀ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਸੋਨੀਪਤ, ਝੱਜਰ, ਗੁਰੂਗ੍ਰਾਮ, ਨੂਹ ਅਤੇ ਮਹਿੰਦਰਗੜ੍ਹ ਜ਼ਿਲ੍ਹੇ ਸ਼ਾਮਲ ਹਨ।
- ਮਹਿੰਦਰਗੜ੍ਹ ਵਿੱਚ ਮਲਟੀ-ਮੋਡਲ ਲੌਜਿਸਟਿਕ ਹੱਬ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।