ਪੰਜਾਬ : ਸੜਕ ‘ਤੇ ਐਂਬੂਲੈਂਸ ਦੀ ਆਵਾਜ਼ ਸੁਣ ਕੇ ਸਾਰੇ ਵਾਹਨ ਇਕ ਪਾਸੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਟ੍ਰੈਫਿਕ ਜਾਮ ਹੋਣ ‘ਤੇ ਵੀ ਮਰੀਜ਼ ਨੂੰ ਲੈ ਕੇ ਜਾਣ ਵਾਲੀ ਐਂਬੂਲੈਂਸ ਨੂੰ ਨਹੀਂ ਰੋਕਿਆ ਜਾਂਦਾ ਕਿਉਂਕਿ ਹਸਪਤਾਲ ਪਹੁੰਚਣ ‘ਚ ਥੋੜ੍ਹੀ ਦੇਰੀ ਨਾਲ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਐਮਰਜੈਂਸੀ ਸਥਿਤੀਆਂ ਜਿਵੇਂ ਕਿ ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਆਦਿ ਨਾਲ ਨਜਿੱਠਣ ਲਈ ਵਰਤੇ ਜਾਣ ਵਾਲੇ ਵਾਹਨਾਂ ਲਈ ਰਸਤਾ ਸਾਫ਼ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਸੜਕ ‘ਤੇ ਸਾਇਰਨ ਸੁਣ ਕੇ ਵੀ ਐਮਰਜੈਂਸੀ ਵਾਹਨਾਂ ਨੂੰ ਰਸਤਾ ਨਹੀਂ ਦਿੰਦੇ ਤਾਂ ਵੱਡੀ ਮੁਸੀਬਤ ‘ਚ ਪੈ ਸਕਦੇ ਹੋ। ਸੜਕ ‘ਤੇ ਐਮਰਜੈਂਸੀ ਵਾਹਨਾਂ ਦਾ ਰਸਤਾ ਰੋਕਣ ‘ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ।
ਇਸ ਸਬੰਧੀ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਕਿਹਾ ਹੈ ਕਿ ਐਮਰਜੈਂਸੀ ਵਾਹਨਾਂ ਨੂੰ ਰਸਤਾ ਦੇਣ ਲਈ ਸੜਕ ‘ਤੇ ਸਾਰੇ ਵਾਹਨਾਂ ਨੂੰ ਖੱਬੇ ਪਾਸੇ ਮੁੜਨਾ ਜ਼ਰੂਰੀ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ ਡਰਾਈਵਰ ਨੂੰ ਮੋਟਰ ਵਹੀਕਲ (ਸੋਧ ਐਕਟ) 2019 ਦੀ ਧਾਰਾ 194E ਦੇ ਤਹਿਤ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।