ਇਸਲਾਮਾਬਾਦ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਨੂੰ ਯਾਨੀ ਅੱਜ ਇੱਕ ਰਿਮੋਟ ਕੰਟਰੋਲ ਧਮਾਕੇ ਵਿੱਚ ਪੰਜ ਸਕੂਲੀ ਬੱਚਿਆਂ ਅਤੇ ਇੱਕ ਪੁਲਿਸ ਮੁਲਾਜ਼ਮ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਖਬਰ ਮੁਤਾਬਕ ਸੂਬੇ ਦੇ ਮਸਤੂੰਗ ਜ਼ਿਲੇ ਦੇ ਸਿਵਲ ਹਸਪਤਾਲ ਚੌਕ ‘ਤੇ ਸਥਿਤ ਇਕ ਸਕੂਲ ਨੇੜੇ ਸਵੇਰੇ 8:35 ਵਜੇ ਧਮਾਕਾ ਹੋਇਆ।
ਰਿਪੋਰਟ ਵਿੱਚ ਕਲਾਤ ਡਿਵੀਜ਼ਨ ਦੇ ਕਮਿਸ਼ਨਰ ਨਈਮ ਬਜ਼ਈ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇੱਕ ਆਈ.ਈ.ਡੀ (ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ) ਇੱਕ ਮੋਟਰਸਾਈਕਲ ਉੱਤੇ ਲਾਇਆ ਗਿਆ ਸੀ ਜੋ ਪੁਲਿਸ ਦੇ ਮੋਬਾਈਲ ਵਾਹਨ ਦੇ ਨੇੜੇ ਵਿਸਫੋਟ ਹੋ ਗਿਆ। ਬਜ਼ਈ ਨੇ ਕਿਹਾ, ‘ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਪੰਜ ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ।’ ਹਮਲੇ ‘ਚ ਘੱਟੋ-ਘੱਟ 22 ਲੋਕ ਜ਼ਖਮੀ ਹੋਏ ਹਨ।
ਖ਼ਬਰ ਮੁਤਾਬਕ ਜ਼ਖਮੀਆਂ ‘ਚ ਜ਼ਿਆਦਾਤਰ ਸਕੂਲੀ ਬੱਚੇ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਧਮਾਕੇ ‘ਚ ਪੁਲਿਸ ਦੀ ਇਕ ਗੱਡੀ ਅਤੇ ਕਈ ਆਟੋ-ਰਿਕਸ਼ਾ ਨੁਕਸਾਨੇ ਗਏ। ਖਬਰਾਂ ਨੇ ਸੂਬਾਈ ਸਿਹਤ ਵਿਭਾਗ ਦੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਧਮਾਕੇ ਤੋਂ ਬਾਅਦ ਕਵੇਟਾ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਸਾਰੇ ਡਾਕਟਰਾਂ, ਫਾਰਮਾਸਿਸਟਾਂ, ਸਟਾਫ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ ਹੈ।