ਮੁੰਬਈ : ਬਾਬਾ ਸਿੱਦੀਕੀ ਦੀ ਮੌਤ ਤੋਂ ਬਾਅਦ ਅਦਾਕਾਰ ਸਲਮਾਨ ਖਾਨ (Salman Khan) ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਗੈਂਗ ਨੇ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਹੈ ਕਿ ਜੋ ਵੀ ਸਲਮਾਨ ਖਾਨ ਦਾ ਸਮਰਥਨ ਕਰੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਪੁਲਿਸ ਨੇ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ਼ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁੱਖਾ ਉਨ੍ਹਾਂ ਦੋਸ਼ੀਆਂ ‘ਚ ਸ਼ਾਮਲ ਹੈ, ਜੋ ਸਲਮਾਨ ਖਾਨ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਮੁਤਾਬਕ ਸੁੱਖਾ ਨੇ ਵੀਡੀਓ ਕਾਲ ਰਾਹੀਂ ਪਾਕਿਸਤਾਨ ਵਿੱਚ ਹਥਿਆਰਾਂ ਦੇ ਵਪਾਰੀ ਡੋਗਰ ਨਾਲ ਸੰਪਰਕ ਕੀਤਾ ਸੀ। ਇਸ ਗੱਲਬਾਤ ‘ਚ ਉਸ ਨੇ ਏ.ਕੇ.-47 ਅਤੇ ਹੋਰ ਵੱਡੇ ਹਥਿਆਰਾਂ ਦੇ ਸੌਦੇ ਦੀਆਂ ਸ਼ਰਤਾਂ ‘ਤੇ ਚਰਚਾ ਕੀਤੀ।
ਇਸ ਦੌਰਾਨ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਸੰਦਰਭ ਵਿੱਚ ਉਨ੍ਹਾਂ ਦੇ ਪਿਤਾ ਸਲੀਮ ਖਾਨ (Salim Khan) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਕਾਲੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਹੈ। ਸਲੀਮ ਖਾਨ ਨੇ ਕਿਹਾ ਕਿ ਇਹ ਮਾਮਲਾ ਗਲਤਫਹਿਮੀ ‘ਤੇ ਆਧਾਰਿਤ ਹੈ ਅਤੇ ਉਨ੍ਹਾਂ ਦੇ ਬੇਟੇ ਨੇ ਅਜਿਹਾ ਕੁਝ ਨਹੀਂ ਕੀਤਾ।
ਇੱਕ ਇੰਟਰਵਿਊ ਵਿੱਚ ਸਲੀਮ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਸਲਮਾਨ ਖਾਨ ਨੇ ਅੱਜ ਤੱਕ ਇੱਕ ਕਾਕਰੋਚ ਵੀ ਨਹੀਂ ਮਾਰਿਆ ਹੈ ਤਾਂ ਉਹ ਕਾਲੇ ਹਿਰਨ ਨੂੰ ਕਿਵੇਂ ਮਾਰ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਲਮਾਨ ਕੋਲ ਕਦੇ ਵੀ ਬੰਦੂਕ ਨਹੀਂ ਸੀ ਅਤੇ ਉਨ੍ਹਾਂ ਦਾ ਪਰਿਵਾਰ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈ। ਸਲਮਾਨ ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਹ ਕਿਸੇ ਜਾਨਵਰ ਨੂੰ ਨਹੀਂ ਮਾਰ ਸਕਦੇ। ਸਲੀਮ ਖਾਨ ਨੇ ਇਹ ਵੀ ਦੱਸਿਆ ਕਿ ਲੋਕ ਸਲਮਾਨ ਖਾਨ ਤੋਂ ਮੁਆਫੀ ਮੰਗਣ ਦੀ ਗੱਲ ਕਰ ਰਹੇ ਹਨ ਪਰ ਸਲਮਾਨ ਮੁਆਫੀ ਨਹੀਂ ਮੰਗਣਗੇ ਕਿਉਂਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ।
ਇਸ ਤੋਂ ਇਲਾਵਾ ਸਲੀਮ ਖਾਨ ਨੇ ਵੀ ਬਾਬਾ ਸਿੱਦੀਕੀ ਦੇ ਕਤਲ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਕਤਲ ਦਾ ਸਲਮਾਨ ਖਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਦੋਂ ਸਲੀਮ ਖਾਨ ਨੂੰ ਪੁੱਛਿਆ ਗਿਆ ਕਿ ਬਾਬਾ ਸਿੱਦੀਕੀ ਦੇ ਕਤਲ ਦਾ ਉਨ੍ਹਾਂ ਦੇ ਪਰਿਵਾਰ ‘ਤੇ ਕੀ ਅਸਰ ਪਿਆ ਹੈ।’ ਬਾਬਾ ਸਿੱਦੀਕੀ ਮੇਰਾ ਦੋਸਤ ਸੀ। ਅਸੀਂ ਮਿਲਦੇ ਸੀ। ਉਹ ਬਹੁਤ ਵਧੀਆ ਵਿਅਕਤੀ ਸੀ ਅਤੇ ਬਹੁਤ ਸਾਰੇ ਲੋਕਾਂ ਦੀ ਮਦਦ ਕਰਦੇ ਸੀ। ਉਨ੍ਹਾਂ ਦੀ ਮੌਤ ਦਾ ਅਫਸੋਸ ਹੈ, ਪਰ ਹੁਣ ਅਸੀਂ ਕੀ ਕਰ ਸਕਦੇ ਹਾਂ?