ਹਰਿਆਣਾ : ਹਰਿਆਣਾ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer Leader Gurnam Singh Chaduni) ਨੇ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਹੁੱਡਾ ‘ਤੇ ਦੋਸ਼ ਲਗਾਉਂਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਅੱਜ ਹਰਿਆਣਾ ‘ਚ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਭੁਪਿੰਦਰ ਸਿੰਘ ਹੁੱਡਾ ਹਨ। ਚੜੂਨੀ ਨੇ ਦੋਸ਼ ਲਾਇਆ ਕਿ ਹੁੱਡਾ ਨੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ, ਆਪਣੀ ਮਰਜ਼ੀ ਮੁਤਾਬਕ ਕੰਮ ਕੀਤਾ, ਜਿਸ ਕਾਰਨ ਕਾਂਗਰਸ ਨੂੰ ਸੂਬੇ ‘ਚ ਹਾਰ ਦਾ ਮੂੰਹ ਦੇਖਣਾ ਪਿਆ।
ਗੁਰਨਾਮ ਸਿੰਘ ਚੜੂਨੀ ਨੇ ਹੁੱਡਾ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਵਿਰੋਧੀ ਧਿਰ ਦੇ ਨੇਤਾ ਬਣਨ ਦੇ ਯੋਗ ਨਹੀਂ ਹਨ, ਉਨ੍ਹਾਂ ਨੇ ਪਿਛਲੇ 10 ਸਾਲਾਂ ‘ਚ ਨੇਤਾ ਹੋਣ ਦੀ ਨਿਰਪੱਖ ਭੂਮਿਕਾ ਨਹੀਂ ਨਿਭਾਈ। ਚੜੂਨੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੀ ਸਾਰੀ ਜ਼ਿੰਮੇਵਾਰੀ ਭੁਪਿੰਦਰ ਹੁੱਡਾ ‘ਤੇ ਪਾ ਦਿੱਤੀ ਸੀ, ਫਿਰ ਵੀ ਹਰਿਆਣਾ ‘ਚ ਕਾਂਗਰਸ ਹਾਰ ਗਈ । ਹੁੱਡਾ ਨੇ ਲੋਕ ਸਭਾ ਚੋਣਾਂ ਵਿੱਚ ਹੋਰ ਕਿਸਾਨਾਂ ਨੂੰ ਵੀ ਟਿਕਟਾਂ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਮੁੱਕਰ ਗਏ ਸਨ। ਚਧੁਨੀ ਨੇ ਕਿਹਾ ਕਿ ਉਨ੍ਹਾਂ ਨਾਲ ਭੁਪਿੰਦਰ ਸਿੰਘ ਨੇ ਧੋਖਾਧੜੀ ਕੀਤੀ ਹੈ।
ਚੜੂਨੀ ਨੇ ਦੋਸ਼ ਲਾਇਆ ਕਿ ਹੁੱਡਾ ਨੇ ਰਮੇਸ਼ ਦਲਾਲ, ਹਰਸ਼ ਛਿਕਾਰਾ, ਬਲਰਾਜ ਕੁੰਡੂ, ਕੁਮਾਰੀ ਸ਼ੈਲਜਾ, ਕਿਰਨ ਚੌਧਰੀ, ਰਣਦੀਪ ਸੁਰਜੇਵਾਲਾ ਸਮੇਤ ਕਈ ਵੱਡੇ ਨੇਤਾਵਾਂ ਨੂੰ ਪਾਸੇ ਕਰ ਦਿੱਤਾ ਹੈ। ਕਿਸਾਨ ਆਗੂ ਅਨੁਸਾਰ ਹੁੱਡਾ ਨੇ ਸਾਰਿਆਂ ਨੂੰ ਪਾਸੇ ਕਰ ਕੇ ਖ਼ੁਦ ਨੂੰ ਪਾਸੇ ਕਰ ਲਿਆ ਹੈ। ਚੜੂਨੀ ਨੇ ਕਿਹਾ ਕਿ ਜੇਕਰ ਭੂਪੇਂਦਰ ਸਿੰਘ ਹੁੱਡਾ ਅਭੈ ਚੌਟਾਲਾ ਨਾਲ ਸਮਝੌਤਾ ਕਰ ਕੇ ਟਿਕਟ ਦਿੰਦੇ ਤਾਂ ਉਨ੍ਹਾਂ ਦੀ ਪਾਰਟੀ ਨੂੰ ਹਰਿਆਣਾ ‘ਚ 9 ਸੀਟਾਂ ਮਿਲ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਮਾਹੌਲ ਦਿੱਤਾ, ਪਰ ਉਹ ਕੈਸ਼ ਨਹੀਂ ਕਰ ਸਕੇ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਭੁਪਿੰਦਰ ਹੁੱਡਾ ਨੂੰ ਵਿਰੋਧੀ ਧਿਰ ਦਾ ਨੇਤਾ ਨਾ ਬਣਾਇਆ ਜਾਵੇ।