ਖੰਨਾ : ਖੰਨਾ ਦੇ ਥਾਣਾ ਸਦਰ ਦੇ ਇਲਾਕੇ ਵਿੱਚ ਨੈਸ਼ਨਲ ਹਾਈਵੇਅ ’ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦੋ ਸ਼ਰਾਰਤੀ ਅਨਸਰਾਂ ਵੱਲੋਂ ਬੰਦੂਕ ਦੀ ਨੋਕ ‘ਤੇ ਇੱਕ ਨੌਜਵਾਨ ਤੋਂ ਮੋਟਰਸਾਈਕਲ ਲੁੱਟ ਲਿਆ ਗਿਆ। ਉਕਤ ਨੌਜਵਾਨ ਦੇਰ ਸ਼ਾਮ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਪੀੜਤ ਤੇਜਿੰਦਰ ਸਿੰਘ ਪਿੰਡ ਬੀਜਾ ਦਾ ਵਸਨੀਕ ਹੈ ਅਤੇ ਉਹ ਕਿਸੇ ਤਰ੍ਹਾਂ ਪਿੰਡ ਬੀਜਾ ਪਹੁੰਚਿਆ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਕਾਰ ਵਿੱਚ ਸਵਾਰ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋਰਾਹਾ ਜੀ.ਟੀ ਰੋਡ ‘ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਜਦੋਂ ਉਨ੍ਹਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਮੋਟਰਸਾਈਕਲ ਸੁੱਟ ਦਿੱਤਾ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਗੱਲ ਕਰਦਿਆਂ ਐੱਸ.ਪੀ. ਖੰਨਾ ਨੇ ਦੱਸਿਆ ਕਿ ਤਜਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਬੀਤੀ ਰਾਤ ਕਰੀਬ ਸਾਢੇ ਸੱਤ ਵਜੇ ਜਦੋਂ ਉਹ ਮੰਡੀ ਗੋਬਿੰਦਗੜ੍ਹ ਤੋਂ ਆਪਣੇ ਪਿੰਡ ਬੀਜਾ ਨੂੰ ਪਰਤ ਰਿਹਾ ਸੀ ਤਾਂ ਦੋ ਨੌਜਵਾਨਾਂ ਨੇ ਉਸ ਦਾ ਮੋਟਰਸਾਈਕਲ ਖੋਹ ਲਿਆ। ਜਦੋਂ ਉਸ ਨੇ ਸਾਥੀਆਂ ਸਮੇਤ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਰਾਜਗੜ੍ਹ ਇਲਾਕੇ ਨੇੜੇ ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਖੰਨਾ, ਡੀ.ਐਸ.ਪੀ ਦੋਰਾਹਾ, ਡੀ.ਐਸ.ਪੀ.ਡੀ ਅਤੇ ਦੋਵਾਂ ਥਾਣਿਆਂ ਦੇ ਐਸ.ਐਚ.ਓ. ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।