ਗਾਜ਼ਾ : ਹਮਾਸ ਦੇ ਨਾਲ ਜੰਗ ਦੀ ਵਰ੍ਹੇਗੰਢ ‘ਤੇ, ਇਜ਼ਰਾਈਲੀ ਰੱਖਿਆ ਬਲ (IDF) ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਮਾਸ ਦੇ ਵੱਡੇ ਰਾਕੇਟ ਹਮਲੇ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਮੁਤਾਬਕ ਹਮਾਸ ਨੇ ਇਜ਼ਰਾਈਲ ‘ਤੇ ਵੱਡੇ ਰਾਕੇਟ ਹਮਲੇ ਦੀ ਤਿਆਰੀ ਕੀਤੀ ਸੀ, ਜਿਸ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ। ਸਵੇਰੇ 6:30 ਵਜੇ ਤੋਂ ਪਹਿਲਾਂ, ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਵਿੱਚ ਹਮਾਸ ਦੇ ਕਈ ਰਾਕੇਟ ਲਾਂਚਰਾਂ ਅਤੇ ਸੁਰੰਗਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਹਮਾਸ ਨੇ ਸੂਫਾ ਖੇਤਰ ‘ਚ ਚਾਰ ਰਾਕੇਟ ਦਾਗੇ, ਜਿਨ੍ਹਾਂ ‘ਚੋਂ ਤਿੰਨ ਨੂੰ ਰੋਕਿਆ ਗਿਆ ਅਤੇ ਇਕ ਖੁੱਲ੍ਹੇ ਖੇਤਰ ‘ਚ ਡਿੱਗਿਆ।
IDF ਨੇ ਦੱਸਿਆ ਕਿ ਰਾਤੋ-ਰਾਤ ਉਨ੍ਹਾਂ ਨੇ ਮੱਧ ਗਾਜ਼ਾ ਵਿੱਚ ਹਮਾਸ ਦੇ ਕਈ ਟਿਕਾਣਿਆਂ ‘ਤੇ ਹਮਲਾ ਕੀਤਾ ਜਿਨ੍ਹਾਂ ਨੂੰ ਨੇਜ਼ਾਰਿਮ ਕੋਰੀਡੋਰ ਖੇਤਰ ਵਿੱਚ ਇਜ਼ਰਾਈਲੀ ਬਲਾਂ ਲਈ ਖ਼ਤਰਾ ਮੰਨਿਆ ਜਾਂਦਾ ਸੀ। ਇਸ ਕਾਰਵਾਈ ਦਾ ਉਦੇਸ਼ ਇਜ਼ਰਾਈਲੀ ਬਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਾਜ਼ਾ ਵਿੱਚ ਹਮਾਸ ਦੀਆਂ ਗਤੀਵਿਧੀਆਂ ਨੂੰ ਕਮਜ਼ੋਰ ਕਰਨਾ ਸੀ, ਬੀਤੇ ਦਿਨ ਆਈ.ਡੀ.ਐਫ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਹਮਾਸ 7 ਅਕਤੂਬਰ ਦੇ ਕਤਲੇਆਮ ਦੀ ਪਹਿਲੀ ਬਰਸੀ ‘ਤੇ ਹਮਲੇ ਕਰ ਸਕਦਾ ਹੈ ਅਤੇ ਇਸ ਕਾਰਨ ਗਾਜ਼ਾ ਅਤੇ ਸਰਹੱਦ ‘ਤੇ ਇਜ਼ਰਾਈਲੀ ਫੌਜਾਂ ਮਜ਼ਬੂਤ ਹੋ ਗਈਆਂ। IDF ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦੇਣ ਲਈ ਵਚਨਬੱਧ ਹਨ।
ਹਮਾਸ ਦੇ 7 ਅਕਤੂਬਰ 2023 ਦੇ ਹਮਲੇ ਦੀ ਬਰਸੀ ‘ਤੇ ਤਣਾਅ ਇਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ। ਉਸ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਲਗਾਤਾਰ ਫੌਜੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਹਮਾਸ ਦੇ ਸਿਹਤ ਮੰਤਰਾਲੇ ਦੇ ਅਨੁਸਾਰ, 4 ਅਕਤੂਬਰ, 2024 ਤੱਕ, ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਲਗਭਗ 41,802 ਲੋਕ ਮਾਰੇ ਗਏ ਹਨ। ਵਿਸ਼ਵਵਿਆਪੀ ਕੋਸ਼ਿਸ਼ਾਂ ਦੇ ਬਾਵਜੂਦ, ਮੱਧ ਪੂਰਬ ਵਿੱਚ ਤਣਾਅ ਅਤੇ ਹਿੰਸਾ ਲਗਾਤਾਰ ਵਧ ਰਹੀ ਹੈ, ਅਤੇ ਸ਼ਾਂਤੀ ਦੀ ਕੋਈ ਉਮੀਦ ਨਹੀਂ ਜਾਪਦੀ ਹੈ।