ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ‘ਚ ਅੱਤਵਾਦੀਆਂ ਨੇ 7 ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਬਾਈ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਦੱਸਿਆ ਕਿ ਇਹ ਅੱਤਵਾਦੀ ਹਮਲਾ ਸੂਬੇ ਦੇ ਪੰਜਗੁਰ ਜ਼ਿਲ੍ਹੇ ‘ਚ ਬੀਤੇ ਦਿਨ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 10 ਵਜੇ ਹੋਇਆ।
ਸ਼ਾਹਿਦ ਰਿੰਦ ਨੇ ਦੱਸਿਆ ਕਿ ਮਜ਼ਦੂਰ ਕੰਮ ਲਈ ਸਥਾਨਕ ਠੇਕੇਦਾਰ ਦੇ ਘਰ ਆਰਜ਼ੀ ਤੌਰ ’ਤੇ ਠਹਿਰੇ ਹੋਏ ਸਨ। ਇਸ ਘਰ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ‘ਚ ਗੋਲੀ ਲੱਗਣ ਕਾਰਨ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪੁਲਿਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਪੂਰਬੀ ਪੰਜਾਬ ਸੂਬੇ ਦੇ ਨਿਰਮਾਣ ਮਜ਼ਦੂਰ ਸਨ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ ਵਿਚ ਸ਼ਰੀਫ ਦੇ ਹਵਾਲੇ ਨਾਲ ਕਿਹਾ, “ਅਸੀਂ ਪਾਕਿਸਤਾਨੀ ਧਰਤੀ ਤੋਂ ਅੱਤਵਾਦ ਨੂੰ ਖਤਮ ਕਰਨ ਲਈ ਦ੍ਰਿੜ ਹਾਂ। ਦੱਸ ਦੇਈਏ ਕਿ ਹਾਲ ਹੀ ‘ਚ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਤੋਂ ਰਾਜਧਾਨੀ ਇਸਲਾਮਾਬਾਦ ਜਾ ਰਹੇ ਵਿਦੇਸ਼ੀ ਡਿਪਲੋਮੈਟਾਂ ਦੇ ਕਾਫਲੇ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
ਹਮਲੇ ‘ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਸੀ ਕਿ ਖੈਬਰ ਪਖਤੂਨਖਵਾ ਦੇ ਸਵਾਤ ਜ਼ਿਲ੍ਹੇ ‘ਚ ਇਕ ਐਡਵਾਂਸ ਸਕਾਊਟ ਪੁਲਿਸ ਦੇ ਵਾਹਨ ‘ਤੇ ਆਈ.ਈ.ਡੀ ਧਮਾਕਾ ਹੋਇਆ, ਜਿਸ ਕਾਰਨ ਕਈ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।