ਚੰਡੀਗੜ੍ਹ : ਦੋ ਦਿਨ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੂੰ ਲੈਪਟੋਸਪਾਇਰੋਸਿਸ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਦਿਨ ਹਸਪਤਾਲ ਵਿੱਚ ਰਹਿਣਾ ਪੈ ਸਕਦਾ ਹੈ।
ਹਸਪਤਾਲ ਵੱਲੋਂ ਬੀਤੀ ਸ਼ਾਮ ਨੂੰ ਜਾਰੀ ਸਿਹਤ ਬੁਲੇਟਿਨ ਦੇ ਅਨੁਸਾਰ, ਜਿਵੇਂ ਕਿ ਬੁਖਾਰ ਤੋਂ ਪੀੜਤ ਮੁੱਖ ਮੰਤਰੀ ਦੇ ਦਾਖਲ ਹੋਣ ਸਮੇਂ ਸ਼ੱਕ ਸੀ, ਉਨ੍ਹਾਂ ਦੇ ਖੂਨ ਦੇ ਨਮੂਨੇ ਲੈਪਟੋਸਪਾਇਰੋਸਿਸ ਲਈ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਸਾਰੇ ਸਿਹਤ ਟੈਸਟਾਂ ਵਿੱਚ ਤਸੱਲੀਬਖਸ਼ ਸੁਧਾਰ ਸਾਹਮਣੇ ਆ ਰਿਹਾ ਹੈ। ਮੁੱਖ ਮੰਤਰੀ ਨੂੰ ਵੀਰਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਹਸਪਤਾਲ ਦੇ ਬਿਆਨ ਮੁਤਾਬਕ ਹਸਪਤਾਲ ਦੇ ਡਾਇਰੈਕਟਰ ਅਤੇ ਕਾਰਡੀਓਲਾਜੀ ਵਿਭਾਗ ਦੇ ਮੁਖੀ ਡਾ: ਆਰ ਕੇ ਜਸਵਾਲ ਨੇ ਮੁੱਖ ਮੰਤਰੀ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਫੇਫੜੇ ਨਾੜੀ ਵਿੱਚ ਦਬਾਅ ਸਬੰਧੀ ਇਲਾਜ ਦੇ ਨਤੀਜੇ ਵੀ ਆ ਰਹੇ ਹਨ। ਹਸਪਤਾਲ ਦੇ ਬਿਆਨ ਮੁਤਾਬਕ ਮੁੱਖ ਮੰਤਰੀ ਦੀ ਹਾਲਤ ਸਥਿਰ ਹੈ। ਹਾਲਾਂਕਿ ਹੈਲਥ ਬੁਲੇਟਿਨ ‘ਚ ਇਹ ਨਹੀਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਦਿੱਤੀ ਜਾਵੇਗੀ।