ਜ਼ੀਰਕਪੁਰ: ਜ਼ੀਰਕਪੁਰ ਦੇ ਇੱਕ ਨਿੱਜੀ ਸਕੂਲ (Private School) ਵਿੱਚ ਪੜ੍ਹਦੇ ਵਿਦਿਆਰਥੀ ਨੂੰ ਛੁੱਟੀ ਹੋਣ ਮਗਰੋਂ ਅਚਾਨਕ ਚੱਕਰ ਆਉਣ ਕਾਰਨ ਉਹ ਹੇਠਾਂ ਡਿੱਗ ਗਿਆ, ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਨਾਬਾਲਗ ਵਿਦਿਆਰਥੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜ਼ੀਰਕਪੁਰ ਦੇ ਪਿੰਡ ਰਾਮਗੜ੍ਹ ਬੁੱਢਾ ਵਾਸੀ ਪਰਮਦੀਪ ਵਜੋਂ ਹੋਈ ਹੈ, ਜੋ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।
ਛੁੱਟੀ ਤੋਂ ਬਾਅਦ ਆਪਣਾ ਮੋਬਾਈਲ ਫ਼ੋਨ ਲੈਣ ਦਫ਼ਤਰ ਗਿਆ ਸੀ
ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਸਥਿਤ ਜੀ.ਐੱਸ. ਮੈਮੋਰੀਅਲ ਸਕੂਲ ਦੀ 12ਵੀਂ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਪਰਮਦੀਪ ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਸਕੂਲ ਆਇਆ ਸੀ। ਇਸ ਦੇ ਨਾਲ ਹੀ ਉਹ ਆਪਣੀ ਕਲਾਸ ਪੂਰੀ ਕਰਨ ਤੋਂ ਬਾਅਦ ਆਪਣਾ ਮੋਬਾਈਲ ਫ਼ੋਨ ਲੈਣ ਦਫ਼ਤਰ ਗਿਆ ਸੀ ਅਤੇ ਜਿਵੇਂ ਹੀ ਸਟਾਫ਼ ਨੇ ਉਸ ਨੂੰ ਮੋਬਾਈਲ ਫ਼ੋਨ ਦਿੱਤਾ ਤਾਂ ਅਚਾਨਕ ਪਰਮਦੀਪ ਨੂੰ ਚੱਕਰ ਆ ਗਿਆ ਅਤੇ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ, ਜਿਸ ਨੂੰ ਸਟਾਫ਼ ਨੇ ਪਾਣੀ ਅਤੇ ਪਹਿਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪਰਮਦੀਪ ਦੇ ਸਰੀਰ ‘ਚ ਕੋਈ ਹਿਲਜੁਲ ਨਾ ਹੋਣ ‘ਤੇ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਵਿਦਿਆਰਥੀ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰਮਦੀਪ ਦੀ ਜਾਂਚ ਕਰਨ ਉਪਰੰਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਨੇ ਮ੍ਰਿਤਕ ਪਰਮਦੀਪ ਦੇ ਪਰਿਵਾਰਕ ਮੈਂਬਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਮ੍ਰਿਤਕ ਪਰਮਦੀਪ ਦਾ ਪਿਤਾ ਹੈ ਬੱਸ ਡਰਾਈਵਰ
ਮ੍ਰਿਤਕ ਵਿਦਿਆਰਥੀ ਪਰਮਦੀਪ ਦਾ ਪਿਤਾ ਗੁਰਪਾਲ ਸਿੰਘ ਪ੍ਰਾਈਵੇਟ ਬੱਸ ਚਲਾਉਂਦਾ ਹੈ ਅਤੇ ਪਰਮ ਤੋਂ ਇਲਾਵਾ ਘਰ ਵਿੱਚ ਉਸ ਦੀ ਇੱਕ ਭੈਣ ਹੈ, ਜੋ ਆਪਣੇ ਭਰਾ ਦੀ ਮੌਤ ਕਾਰਨ ਸਦਮੇ ਵਿੱਚ ਹੈ। ਉਧਰ ਸਕੂਲ ਦੇ ਚੇਅਰਮੈਨ ਜਗਤਾਰ ਸਿੰਘ ਸੋਢੀ ਨੇ ਦੱਸਿਆ ਕਿ ਪਰਮਦੀਪ ਪਹਿਲਾਂ ਚੰਡੀਗੜ੍ਹ ਵਿੱਚ ਪੜ੍ਹਦਾ ਸੀ, ਉਸ ਨੂੰ 4 ਸਾਲ ਪਹਿਲਾਂ ਸਾਡੇ ਕੋਲ 9ਵੀਂ ਜਮਾਤ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਪਰਮਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਪਰਮਦੀਪ ਦੀ ਅਚਨਚੇਤ ਮੌਤ ਤੋਂ ਬਾਅਦ ਸਕੂਲ ਪ੍ਰਬੰਧਕ ਸਦਮੇ ਵਿੱਚ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਅਰਦਾਸ ਕਰਦੇ ਹੋਏ ਅੱਜ ਯਾਨੀ ਮੰਗਲਵਾਰ ਨੂੰ ਸਕੂਲ ਵਿੱਚ ਛੁੱਟੀ ਦਾ ਐਲਾਨ ਕਰਦੇ ਹੋਏ ਸਮੁੱਚਾ ਸਟਾਫ਼ ਮ੍ਰਿਤਕ ਪਰਮਦੀਪ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਜਾਵੇਗਾ।
ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗੇਗਾ
ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਅੱਜ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮ੍ਰਿਤਕ ਵਿਦਿਆਰਥੀ ਦੀ ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।