ਬੇਲਾਰੂਸ : ਦੁਨੀਆ ਦੇ ਸਭ ਤੋਂ ਮਜ਼ਬੂਤ ਬਾਡੀ ਬਿਲਡਰ ਇਲਿਆ ਗੋਲੇਮ ਯੇਫਿਮਚਿਕ (Ilya Golem Yefimchik) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬੇਲਾਰੂਸ ਦੇ ਇਸ 36 ਸਾਲਾ ਮਹਾਨ ਵਿਅਕਤੀ ਨੂੰ ਦੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਉਨ੍ਹਾਂ ਦੇ ਸਰੀਰ ‘ਚ ਕੋਈ ਬੀਮਾਰੀ ਹੋਵੇਗੀ। ਉਨ੍ਹਾਂ ਨੂੰ 6 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ। ਉਦੋਂ ਤੋਂ ਉਹ ਕੋਮਾ ਵਿੱਚ ਸਨ। ਛੇ ਦਿਨਾਂ ਬਾਅਦ ਉਸ ਨੇ ਆਖਰੀ ਸਾਹ ਲਿਆ। ਉਸ ਨੂੰ ‘ਮਿਊਟੈਂਟ’ ਵਜੋਂ ਵੀ ਜਾਣਿਆ ਜਾਂਦਾ ਸੀ।
ਇਲਿਆ ਗੋਲੇਮ ਯੇਫਿਮਚਿਕ ਦਾ ਸਰੀਰ ਵਿਸ਼ਾਲ ਸੀ। ਉਸਦਾ ਭਾਰ 340 ਪੌਂਡ (154 ਕਿਲੋ), ਕੱਦ 6.1 ਫੁੱਟ, ਛਾਤੀ 61 ਇੰਚ ਅਤੇ ਬਾਈਸੈਪਸ 25 ਇੰਚ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਬਾਡੀ ਬਿਲਡਰਾਂ ਵਿੱਚ ਦਿਲ ਦੇ ਦੌਰੇ ਦਾ ਕਾਰਨ ਸਟੀਰੌਇਡਜ਼ ਦਾ ਜ਼ਿਆਦਾ ਸੇਵਨ ਜਾਂ ਬਹੁਤ ਜ਼ਿਆਦਾ ਸਿਖਲਾਈ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਡੀਹਾਈਡਰੇਸ਼ਨ ਅਤੇ ਮਾੜੀ ਖੁਰਾਕ ਵੀ ਜ਼ਿੰਮੇਵਾਰ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਜਿੰਮ ਜਾਣ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮਾਹਿਰਾਂ ਦੀ ਸਲਾਹ ਹੈ ਕਿ ਅਜਿਹੇ ਲੋਕਾਂ ਲਈ ਜ਼ਿਆਦਾ ਕਸਰਤ ਖਤਰਨਾਕ ਹੋ ਸਕਦੀ ਹੈ। ਜੋ ਲੋਕ ਬਾਡੀ ਬਿਲਡਿੰਗ ਲਈ ਜਿਮ ਜਾਂਦੇ ਹਨ, ਉਨ੍ਹਾਂ ਨੂੰ ਹਾਰਟ ਅਟੈਕ ਤੋਂ ਬਚਣ ਲਈ ਸਿਹਤਮੰਦ ਖੁਰਾਕ ਰੱਖਣੀ ਚਾਹੀਦੀ ਹੈ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਗੋਲੇਮ ਯੇਫਿਮਚਿਕ ਦੇ ਸਰੀਰ ਦੀ ਅਸਧਾਰਨਤਾ ਉਸਦੀ ਮੌਤ ਦਾ ਕਾਰਨ ਬਣੀ।