ਸਪੋਰਟਸ ਡੈਸਕ : ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (India’s Star Batsman Smriti Mandhana) ਮਹਿਲਾ ਬਿਗ ਬੈਸ਼ ਲੀਗ (WBBL) ਦੇ ਆਗਾਮੀ ਸੀਜ਼ਨ ਵਿੱਚ ਮੌਜੂਦਾ ਚੈਂਪੀਅਨ ਐਡੀਲੇਡ ਸਟ੍ਰਾਈਕਰਜ਼ ਲਈ ਖੇਡੇਗੀ। ਇਹ ਭਾਰਤੀ ਸਲਾਮੀ ਬੱਲੇਬਾਜ਼ ਇਸ ਤੋਂ ਪਹਿਲਾਂ ਡਬਲ.ਯੂ.ਬੀ.ਬੀ.ਐਲ ਦੀ ਤਿੰਨ ਟੀਮਾਂ ਬ੍ਰਿਸਬੇਨ ਹੀਟ, ਸਿਡਨੀ ਥੰਡਰ ਅਤੇ ਹੋਬਾਰਟ ਹਰੀਕੇਨਜ਼ ਲਈ ਖੇਡ ਚੁੱਕੀ ਹੈ।
ਉਹ ਸੀਜ਼ਨ ਤੋਂ ਪਹਿਲਾਂ ਵਿਦੇਸ਼ੀ ਖਿਡਾਰੀਆਂ ਨੂੰ ਸਾਈਨ ਕਰਨ ਦੇ ਲੀਗ ਦੇ ਨਿਯਮਾਂ ਦੇ ਹਿੱਸੇ ਵਜੋਂ ਐਤਵਾਰ ਨੂੰ ਹੋਣ ਵਾਲੇ ਡਰਾਫਟ ਤੋਂ ਪਹਿਲਾਂ ਸਟ੍ਰਾਈਕਰਜ਼ ਵਿੱਚ ਸ਼ਾਮਲ ਹੋ ਗਈ। ਮੰਧਾਨਾ ਹਾਲਾਂਕਿ ਲੀਗ ਦੇ ਸ਼ੁਰੂਆਤੀ ਮੈਚਾਂ ਤੋਂ ਖੁੰਝੇਗੀ ਕਿਉਂਕਿ ਭਾਰਤ ਨੂੰ ਅਕਤੂਬਰ ਦੇ ਅਖੀਰ ਵਿੱਚ ਤਿੰਨ ਵਨਡੇ ਮੈਚਾਂ ਲਈ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰਨੀ ਹੈ।
WBBL 27 ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤ ਨੂੰ 1 ਦਸੰਬਰ ਨੂੰ ਹੋਣ ਵਾਲੇ WBBL ਫਾਈਨਲ ਤੋਂ ਤੁਰੰਤ ਬਾਅਦ ਆਸਟ੍ਰੇਲੀਆ ਦੇ ਖ਼ਿਲਾਫ਼ ਤਿੰਨ ਵਨਡੇ ਮੈਚ ਵੀ ਖੇਡਣੇ ਹਨ। ਸਟ੍ਰਾਈਕਰਜ਼ ਦੀ ਕਪਤਾਨ ਟਾਹਲੀਆ ਮੈਕਗ੍ਰਾ ਨੇ ਕਿਹਾ, ‘ਅਸੀਂ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਟੀਮ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਉਹ ਇੱਕ ਸ਼ਾਨਦਾਰ ਬੱਲੇਬਾਜ਼ ਹੈ ਅਤੇ ਥੋੜ੍ਹੇ ਸਮੇਂ ਵਿੱਚ ਮੈਚ ਦਾ ਰੁਖ ਕਰਨ ਦੀ ਸਮਰੱਥਾ ਰੱਖਦੀ ਹੈ।