ਮੁੰਬਈ : ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ (Sapna Chaudhary) ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ‘ਠੁਮਕਾ ਕੁਈਨ’ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤੀਸ ਹਜ਼ਾਰੀ ਕੋਰਟ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਸ਼ਮੀ ਗੁਪਤਾ ਨੇ ਸਪਨਾ ਖ਼ਿਲਾਫ਼ ਦਰਜ ਕੀਤੇ ਗਏ ਹਾਈ-ਪ੍ਰੋਫਾਈਲ ਧੋਖਾਧੜੀ ਦੇ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਅਦਾਕਾਰਾ ਇੱਕ ਵਾਰ ਫਿਰ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ।
ਜਾਣਕਾਰੀ ਮੁਤਾਬਕ ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਨੂੰ ਸਾਂਝੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ‘ਚ ਉਨ੍ਹਾਂ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਸਪਨਾ ਵਿਰੁੱਧ ਕੇਸ ਦਰਜ: ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਆਰਥਿਕ ਅਪਰਾਧ ਵਿੰਗ (EOW) ਨੇ ਸਪਨਾ ਚੌਧਰੀ ਦੇ ਖ਼ਿਲਾਫ਼ FIR ਦਰਜ ਕੀਤੀ ਅਤੇ ਫਿਰ EOW ਨੇ ਚਾਰਜਸ਼ੀਟ ਦਾਇਰ ਕੀਤੀ।
ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ, ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਹਾਈ ਪ੍ਰੋਫਾਈਲ ਧੋਖਾਧੜੀ ਦੇ ਮਾਮਲੇ ਵਿੱਚ ਸਪਨਾ ਚੌਧਰੀ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਕਈ ਪੀੜਤ ਸ਼ਾਮਲ ਹਨ।
ਸਪਨਾ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦੇ ਕੇਸ ਦਰਜ ਹਨ। 2018 ‘ਚ ਲਖਨਊ ‘ਚ ਉਨ੍ਹਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਪਨਾ ਚੌਧਰੀ ਦੇ ਖ਼ਿਲਾਫ਼ ਲਖਨਊ ਦੇ ਆਸ਼ਿਆਨਾ ਪੁਲਿਸ ਸਟੇਸ਼ਨ ‘ਚ ਐੱਫ.ਆਈ.ਆਰ. ਸਪਨਾ ਚੌਧਰੀ ‘ਤੇ ਦੋਸ਼ ਸੀ ਕਿ ਉਹ ਪੈਸੇ ਲੈਣ ਦੇ ਬਾਵਜੂਦ ਇਕ ਪ੍ਰੋਗਰਾਮ ‘ਚ ਪਰਫਾਰਮ ਕਰਨ ਨਹੀਂ ਆਈ। ਸਪਨਾ ਚੌਧਰੀ ਦੇ ਪ੍ਰੋਗਰਾਮ ‘ਚ ਨਾ ਆਉਣ ‘ਤੇ ਦਰਸ਼ਕਾਂ ਨੇ ਕਾਫੀ ਹੰਗਾਮਾ ਕੀਤਾ।
ਮਾਮਲੇ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਪਨਾ ਚੌਧਰੀ ਨੇ 10 ਮਈ 2022 ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਅਗਸਤ 2022 ਵਿੱਚ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਸੀ। ਨਵੰਬਰ 2022 ਵਿੱਚ, ਲਖਨਊ ਦੀ ਇੱਕ ਅਦਾਲਤ ਨੇ ਸਪਨਾ ਚੌਧਰੀ ਦੇ ਇਸ ਮਾਮਲੇ ਵਿੱਚ ਦੋਸ਼ ਆਇਦ ਕੀਤੇ ਸਨ।