ਸਪੋਰਟਸ ਡੈਸਕ : ਪਾਕਿਸਤਾਨ ਦੇ ਸਟਾਰ ਅਥਲੀਟ ਅਰਸ਼ਦ ਨਦੀਮ (Pakistan’s star athlete Arshad Nadeem) ਬੀਤੀ ਦੇਰ ਰਾਤ ਆਪਣੇ ਦੇਸ਼ ਲਾਹੌਰ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪੈਰਿਸ ਓਲੰਪਿਕ ‘ਚ ਦੇਸ਼ ਲਈ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਦੇ ਸਵਾਗਤ ਲਈ ਲਾਹੌਰ ਹਵਾਈ ਅੱਡੇ (Lahore Airport) ‘ਤੇ ਕਾਫੀ ਲੋਕ ਇਕੱਠੇ ਹੋਏ। ਨਦੀਮ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ 2024 ‘ਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ, ਜਦੋਂ ਉਨ੍ਹਾਂ ਨੇ 92.97 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ। 1984 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਨੇ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ 1992 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਨੇ ਓਲੰਪਿਕ ਵਿੱਚ ਕੋਈ ਤਮਗਾ ਜਿੱਤਿਆ ਹੈ।
ਬੀਤੀ ਰਾਤ ਨੂੰ ਜਦੋਂ ਨਦੀਮ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਸੈਂਕੜੇ ਲੋਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਹਵਾਈ ਅੱਡੇ ‘ਤੇ ਇਕੱਠੇ ਹੋ ਗਏ। ਨਦੀਮ ਨੂੰ ਲੈ ਕੇ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦਾ ਪਹੁੰਚਣ ‘ਤੇ ਜਲ ਤੋਪਾਂ ਦੀ ਸਲਾਮੀ ਨਾਲ ਸਵਾਗਤ ਕੀਤਾ ਗਿਆ। ਹਵਾਈ ਅੱਡੇ ‘ਤੇ ਯੋਜਨਾ ਮੰਤਰੀ ਅਹਿਸਾਨ ਇਕਬਾਲ, ਪ੍ਰਧਾਨ ਮੰਤਰੀ ਯੁਵਾ ਪ੍ਰੋਗਰਾਮ ਦੇ ਚੇਅਰਮੈਨ ਰਾਣਾ ਮਸ਼ਹੂਦ ਅਤੇ ਆਈ.ਟੀ ਰਾਜ ਮੰਤਰੀ ਸ਼ਜ਼ਾ ਫਾਤਿਮਾ ਨੇ ਨਦੀਮ ਦਾ ਸਵਾਗਤ ਕੀਤਾ।
ਇਸ ਤੋਂ ਇਲਾਵਾ ਅਰਸ਼ਦ ਨਦੀਮ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਐਵਾਰਡ ਹਿਲਾਲ-ਏ-ਇਮਤਿਆਜ਼ ਨਾਲ ਸਨਮਾਨਿਤ ਕਰਨਗੇ। ਇਹ ਐਲਾਨ ਬੀਤੇ ਦਿਨ ਕੀਤਾ ਗਿਆ। ਸਰਕਾਰ ਨੇ ਅਗਲੇ ਹਫਤੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ‘ਆਜ਼ਮ-ਏ-ਇਸਤੇਹਕਾਮ (ਸਥਿਰਤਾ ਪ੍ਰਤੀ ਵਚਨਬੱਧਤਾ)’ ਸਿਰਲੇਖ ਵਾਲੀ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਸਰਕਾਰੀ ਮੀਡੀਆ ਦੇ ਅਨੁਸਾਰ, ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਨਿਰਦੇਸ਼ਾਂ ‘ਤੇ, ਉਨ੍ਹਾਂ ਦੇ ਦਫਤਰ ਨੇ ਰਸਮੀ ਸਨਮਾਨ ਲਈ ਕੈਬਨਿਟ ਨੂੰ ਇੱਕ ਪੱਤਰ ਭੇਜਿਆ ਹੈ। ਰਾਸ਼ਟਰਪਤੀ ਜ਼ਰਦਾਰੀ ਨੇ ਆਪਣੇ ਪੱਤਰ ‘ਚ ਕਿਹਾ, ‘ਅਰਸ਼ਦ ਨਦੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵਿਸ਼ਵ ਮੰਚ ‘ਤੇ ਦੇਸ਼ ਦਾ ਮਾਣ ਵਧਾਇਆ ਹੈ। ਅਥਲੈਟਿਕਸ ਵਿੱਚ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ਦੇਸ਼ ਲਈ ਮਾਣ ਵਾਲੀ ਗੱਲ ਹੈ।
ਖੇਡਾਂ ਦੇ ਖੇਤਰ ਵਿੱਚ ਪਾਏ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਸਨਮਾਨ ਦਿੰਦੇ ਹੋਏ ਰਾਸ਼ਟਰਪਤੀ ਇੱਕ ਵਿਸ਼ੇਸ਼ ਸਮਾਰੋਹ ਵਿੱਚ ਨਦੀਮ ਨੂੰ ਸਿਵਲ ਐਵਾਰਡ ਨਾਲ ਸਨਮਾਨਿਤ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ 14 ਅਗਸਤ ਨੂੰ ਪਾਕਿਸਤਾਨ ਦੇ 77ਵੇਂ ਆਜ਼ਾਦੀ ਦਿਵਸ ਮੌਕੇ ‘ਆਜ਼ਮ-ਏ-ਇਸਤੇਹਕਾਮ’ ਨਾਂਅ ਦੀ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਡਿਜ਼ਾਇਨ ‘ਚ ਨਦੀਮ ਅਤੇ ਰਾਸ਼ਟਰੀ ਏਕਤਾ ਦੇ ਪ੍ਰਤੀਕ ਮਿਨਾਰ-ਏ-ਪਾਕਿਸਤਾਨ ਦੀ ਤਸਵੀਰ ਵੀ ਹੈ। ਨਦੀਮ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਖਿਡਾਰੀ ਹਨ।