ਲਖਨਊ: ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate),(ਈ.ਡੀ) ਛੇਤੀ ਹੀ ਖੁਟਾਹਾਨ ਤੋਂ ਤਿੰਨ ਵਾਰ ਵਿਧਾਇਕ ਰਹੇ ਅਤੇ ਮਛਲੀਸ਼ਹਿਰ ਤੋਂ ਬਸਪਾ ਦੇ ਸਾਬਕਾ ਸੰਸਦ ਮੈਂਬਰ ਉਮਾਕਾਂਤ ਯਾਦਵ (Former BSP MP Umakant Yadav) ਦੇ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰੇਗਾ। ਆਜ਼ਮਗੜ੍ਹ ਪੁਲਿਸ ਨੇ ਉਮਾਕਾਂਤ ਖ਼ਿਲਾਫ਼ ਦਰਜ ਕੇਸਾਂ ਅਤੇ ਜਾਇਦਾਦਾਂ ਦੀ ਜਾਣਕਾਰੀ ਈ.ਡੀ ਨੂੰ ਸੌਂਪ ਦਿੱਤੀ ਹੈ। ਦੱਸ ਦੇਈਏ ਕਿ ਲਖਨਊ ਸਥਿਤ ਈ.ਡੀ ਦੇ ਜ਼ੋਨਲ ਦਫ਼ਤਰ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਆਜ਼ਮਗੜ੍ਹ ਦੇ ਐਸ.ਪੀ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਰਵੀਕਾਂਤ ਖ਼ਿਲਾਫ਼ ਦਰਜ ਕੇਸਾਂ ਦਾ ਵੇਰਵਾ ਵੀ ਦੇਣ ਲਈ ਕਿਹਾ ਗਿਆ ਸੀ।
ਸੂਤਰਾਂ ਦੀ ਮੰਨੀਏ ਤਾਂ ਈ.ਡੀ ਦੇ ਅਧਿਕਾਰੀਆਂ ਨੇ ਆਜ਼ਮਗੜ੍ਹ ਪੁਲਿਸ ਤੋਂ ਮਿਲੀ ਜਾਣਕਾਰੀ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਮਨੀ ਲਾਂਡਰਿੰਗ ਤਹਿਤ ਕੇਸ ਦਰਜ ਹੋਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ, ਉਮਾਕਾਂਤ ਖ਼ਿਲਾਫ਼ ਸਾਲ 1977 ਵਿੱਚ ਪਹਿਲਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਆਜ਼ਮਗੜ੍ਹ, ਲਖਨਊ ਅਤੇ ਜੌਨਪੁਰ ‘ਚ 36 ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਇਸ ਵਿੱਚ ਧੋਖਾਧੜੀ, ਡਕੈਤੀ, ਕਤਲ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਕਈ ਹੋਰ ਗੰਭੀਰ ਮਾਮਲੇ ਸ਼ਾਮਲ ਹਨ। ਇੰਨਾ ਹੀ ਨਹੀਂ ਦੋ ਸਾਲ ਪਹਿਲਾਂ ਹੋਏ ਜੀ.ਆਰ.ਪੀ. ਕਾਂਸਟੇਬਲ ਕਤਲ ਕੇਸ ਵਿੱਚ ਉਮਾਕਾਂਤ ਸਮੇਤ ਸੱਤ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਬਸਪਾ ਤੋਂ ਇਲਾਵਾ ਉਮਾਕਾਂਤ ਸਪਾ ‘ਚ ਵੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਉਮਾਕਾਂਤ ਯਾਦਵ 1991 ‘ਚ ਬਸਪਾ ਤੋਂ ਖੁਟਾਹਾਨ ਵਿਧਾਨ ਸਭਾ ਤੋਂ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 1993 ‘ਚ ਸਪਾ-ਬਸਪਾ ਗਠਜੋੜ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ – 1996 ਦੀਆਂ ਚੋਣਾਂ ‘ਚ ਸਪਾ-ਬਸਪਾ ਗਠਜੋੜ ਟੁੱਟਣ ਤੋਂ ਬਾਅਦ ਉਮਾਕਾਂਤ ਯਾਦਵ ਬਸਪਾ ਛੱਡ ਕੇ ਸਮਾਜਵਾਦੀ ਪਾਰਟੀ ਤੋਂ ਵਿਧਾਇਕ ਬਣੇ। 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਉਮਾਕਾਂਤ ਯਾਦਵ ਨੇ ਬੀ.ਜੇ.ਪੀ.-ਜੇ.ਡੀ.ਯੂ. ਗਠਜੋੜ ਨਾਲ ਖੁਟਾਹਨ ਤੋਂ ਚੋਣ ਲੜੀ, ਪਰ ਬਸਪਾ ਉਮੀਦਵਾਰ ਸ਼ੈਲੇਂਦਰ ਯਾਦਵ ਲਾਲਈ ਤੋਂ ਹਾਰ ਗਏ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਲ੍ਹ ਵਿੱਚ ਰਹਿੰਦਿਆਂ ਹੀ ਉਮਾਕਾਂਤ ਯਾਦਵ ਇੱਕ ਵਾਰ ਫਿਰ ਬਸਪਾ ਦੀ ਟਿਕਟ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਕੇਸਰੀ ਨਾਥ ਤ੍ਰਿਪਾਠੀ ਨੂੰ ਹਰਾ ਕੇ ਮਾਛਲੀਸ਼ਹਿਰ ਤੋਂ ਸੰਸਦ ਮੈਂਬਰ ਬਣੇ ਸਨ।