ਸਪੋਰਟਸ ਡੈਸਕ : ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਟਾ (Indian shooter Arjun Babuta) ਨੇ ਐਤਵਾਰ ਯਾਨੀ ਅੱਜ ਇੱਥੇ ਕੁਆਲੀਫਾਇੰਗ ਵਿਚ ਸੱਤਵੇਂ ਸਥਾਨ ‘ਤੇ ਰਹਿ ਕੇ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਿਆ।
25 ਸਾਲਾ ਬਬੂਟਾ ਨੇ 105.7, 104.9, 105.5, 105.4, 104.0 ਅਤੇ 104.6 ਅੰਕਾਂ ਦੀ ਲੜੀ ਨਾਲ ਕੁੱਲ 630.1 ਅੰਕ ਬਣਾਏ। ਬਬੂਤਾ ਸੋਮਵਾਰ ਨੂੰ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਤਗ਼ਮੇ ਲਈ ਚੁਣੌਤੀ ਦੇਣਗੇ। ਉਹ ਸ਼ਨੀਵਾਰ ਨੂੰ ਰਮਿਤਾ ਜਿੰਦਲ ਦੇ ਨਾਲ ਮਿਕਸਡ ਟੀਮ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਸੀ। ਭਾਰਤੀ ਜੋੜੀ ਕੁਆਲੀਫਿਕੇਸ਼ਨ ਵਿੱਚ ਛੇਵੇਂ ਸਥਾਨ ’ਤੇ ਰਹੀ ਸੀ।
2016 ਤੋਂ ਕੌਮੀ ਟੀਮ ਵਿੱਚ ਸ਼ਾਮਲ ਚੰਡੀਗੜ੍ਹ ਦੇ ਬਬੂਟਾ ਨੇ ਪਿਛਲੇ ਸਾਲ ਚਾਂਗਵੋਨ ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਰਾਹੀਂ ਓਲੰਪਿਕ ਕੋਟਾ ਹਾਸਲ ਕੀਤਾ ਸੀ। ਫੌਜ ਦਾ ਸੰਦੀਪ ਸਿੰਘ 629.3 ਅੰਕਾਂ ਨਾਲ ਇਸੇ ਈਵੈਂਟ ਵਿੱਚ 12ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਿਆ।
ਇਸ ਦੇ ਨਾਲ ਹੀ ਪੈਰਿਸ ਖੇਡਾਂ ਵਿੱਚ ਸੰਦੀਪ ਦੀ ਮੁਹਿੰਮ ਦਾ ਅੰਤ ਹੋ ਗਿਆ। ਉਨ੍ਹਾਂ ਨੇ ਅਪ੍ਰੈਲ-ਮਈ ਵਿੱਚ ਹੋਏ ਚੋਣ ਟਰਾਇਲਾਂ ਵਿੱਚ ਵਿਸ਼ਵ ਚੈਂਪੀਅਨ ਰੁਦਰੰਕਸ਼ ਪਾਟਿਲ ਨੂੰ ਹਰਾ ਕੇ ਪਹਿਲੀ ਵਾਰ ਓਲੰਪਿਕ ਵਿੱਚ ਖੇਡਣ ਦਾ ਹੱਕ ਹਾਸਲ ਕੀਤਾ ਸੀ। ਚੀਨ ਦੇ ਸ਼ੇਂਗ ਲੀਹਾਓ 631.7 ਅੰਕਾਂ ਨਾਲ ਕੁਆਲੀਫਾਇੰਗ ਦੌਰ ਵਿੱਚ ਸਿਖਰ ’ਤੇ ਰਹੇ।