ਨਵੀਂ ਦਿੱਲੀ: ਦਿੱਲੀ ਪੁਲਿਸ (The Delhi Police) ਨੇ ਅੱਜ ਉਸ ਕੋਚਿੰਗ ਸੈਂਟਰ (The Coaching Center) ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਵਿਚ ਲੈ ਲਿਆ, ਜਿੰਨ੍ਹਾਂ ਦੇ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦਿੱਲੀ ਫਾਇਰ ਡਿਪਾਰਟਮੈਂਟ (ਡੀ.ਐਫ.ਐਸ.) ਦੇ ਅਨੁਸਾਰ, ਸ਼ਾਮ ਕਰੀਬ 7 ਵਜੇ ‘ਰਾਓ ਆਈ.ਏ.ਐਸ. ਸਟੱਡੀ ਸੈਂਟਰ’ ਨਾਮ ਦੇ ਕੋਚਿੰਗ ਸੈਂਟਰ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ। ਕੇਂਦਰੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਐਮ. ਹਰਸ਼ ਵਰਧਨ ਨੇ ਕਿਹਾ, “ਸਾਨੂੰ ਸ਼ਾਮ 7 ਵਜੇ ਇੱਕ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉੱਥੇ ਕੁਝ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਪੂਰੀ ਬੇਸਮੈਂਟ ਪਾਣੀ ਨਾਲ ਕਿਵੇਂ ਭਰ ਗਈ। ਅਜਿਹਾ ਲੱਗਦਾ ਹੈ ਕਿ ਬੇਸਮੈਂਟ ਬਹੁਤ ਤੇਜ਼ੀ ਨਾਲ ਪਾਣੀ ਨਾਲ ਭਰ ਗਈ, ਜਿਸ ਕਾਰਨ ਕੁਝ ਲੋਕ ਅੰਦਰ ਫਸ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਸਥਾਨਕ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਵੱਲੋਂ ਚਲਾਈ ਗਈ ਬਚਾਅ ਮੁਹਿੰਮ ਦੌਰਾਨ ਮੌਕੇ ਤੋਂ ਦੋ ਵਿਦਿਆਰਥਣਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਲਾਂਕਿ ਇਕ ਵਿਦਿਆਰਥੀ ਅਜੇ ਵੀ ਲਾਪਤਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਘਟਨਾ ਦੀ ਜਾਂਚ ਸ਼ੁਰੂ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।
ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ
ਆਤਿਸ਼ੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ, ”ਇਹ ਘਟਨਾ ਕਿਵੇਂ ਵਾਪਰੀ ਇਸ ਦੀ ਜਾਂਚ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।” ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਨਵੀਂ ਦਿੱਲੀ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਘਟਨਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸਥਾਨਕ ਲੋਕਾਂ ਵੱਲੋਂ ਡਰੇਨਾਂ ਦੀ ਸਫ਼ਾਈ ਲਈ ਵਾਰ-ਵਾਰ ਕੀਤੀਆਂ ਗਈਆਂ ਅਪੀਲਾਂ ਨੂੰ ਵੀ ਸਥਾਨਕ ਵਿਧਾਇਕ ਨੇ ਅਣਗੌਲਿਆ ਕਰ ਦਿੱਤਾ। ਸਚਦੇਵਾ ਨੇ ਕਿਹਾ, “ਇਸ ਹਾਦਸੇ ਲਈ ਦਿੱਲੀ ਸਰਕਾਰ ਦੀ ਅਪਰਾਧਿਕ ਲਾਪਰਵਾਹੀ ਜ਼ਿੰਮੇਵਾਰ ਹੈ। ਜਲ ਬੋਰਡ ਮੰਤਰੀ ਆਤਿਸ਼ੀ ਅਤੇ ਸਥਾਨਕ ਵਿਧਾਇਕ ਦੁਰਗੇਸ਼ ਪਾਠਕ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੇਸਮੈਂਟ ਵਿੱਚ ਇੱਕ ਲਾਇਬ੍ਰੇਰੀ ਸੀ ਜਿੱਥੇ ਕਈ ਵਿਦਿਆਰਥੀ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਬੇਸਮੈਂਟ ‘ਚ ਪਾਣੀ ਭਰਨਾ ਸ਼ੁਰੂ ਹੋ ਗਿਆ, ਜਿਸ ਕਾਰਨ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਰੱਸੀਆਂ ਦੀ ਵਰਤੋਂ ਕੀਤੀ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਚਿੰਗ ਸੈਂਟਰ ‘ਚ ਪਾਣੀ ਭਰ ਜਾਣ ਕਾਰਨ ਉਥੇ ਰੱਖਿਆ ਫਰਨੀਚਰ ਤੈਰਨਾ ਸ਼ੁਰੂ ਹੋ ਗਿਆ ਅਤੇ ਇਸ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆਈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਹੀ ਮੱਧ ਦਿੱਲੀ ਦੇ ਪਟੇਲ ਨਗਰ ਖੇਤਰ ਵਿੱਚ ਭਾਰੇ ਮੀਂਹ ਤੋਂ ਬਾਅਦ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਇੱਕ 26 ਸਾਲਾ ਵਿਦਿਆਰਥੀ ਦੀ ਮੌਤ ਉਸ ਸਮੇਂ ਕਰੰਟ ਲੱਗਣ ਨਾਲ ਹੋ ਗਈ ਜਦੋਂ ਉਸਨੇ ਇੱਕ ਲੋਹੇ ਦੇ ਗੇਟ ਨੂੰ ਛੂਹ ਲਿਆ,ਜਿਸ ਵਿੱਚੋਂ ਬਿਜਲੀ ਦੀ ਤਾਰ ਲੰਘ ਰਹੀ ਸੀ।