ਮਾਸਕੋ : ਨਰਿੰਦਰ ਮੋਦੀ (Narendra Modi) ਦੀ ਮਾਸਕੋ ਯਾਤਰਾ ਤੋਂ ਦੋ ਹਫ਼ਤੇ ਬਾਅਦ ਰੂਸ ਨੇ ਆਖ਼ਰਕਾਰ ਤੇਜਪਾਲ ਸਿੰਘ ਦੀ ਦੇਹ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ਯੁੱਧ ਵਿੱਚ ਰੂਸ ਲਈ ਲੜਦੇ ਹੋਏ ਸ਼ਹੀਦ ਹੋਏ ਤੇਜਪਾਲ ਦੀ ਲਾਸ਼ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ। ਪੰਜਾਬ ਦੇ ਅੰਮ੍ਰਿਤਸਰ ਰਹਿਣ ਵਾਲਾ ਤੇਜਪਾਲ ਸਿੰਘ ਨੇ ਯੂਕਰੇਨ ਦੀ ਜੰਗ ਵਿੱਚ ਰੂਸ ਦੀ ਤਰਫੋਂ ਲੜਿਆ ਸੀ ਅਤੇ ਇਸੇ ਦੌਰਾਨ ਸ਼ਹੀਦ ਹੋ ਗਿਆ ਸੀ। ਤੇਜਪਾਲ ਸਿੰਘ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਪੂਰਾ ਕਰਨ ਲਈ ਜਨਵਰੀ 2024 ਵਿੱਚ ਰੂਸ ਚਲਾ ਗਿਆ ਸੀ। ਉਸ ਸਮੇਂ ਰੂਸ ਨੂੰ ਯੂਕਰੇਨ ਵਿਰੁੱਧ ਲੜਾਕਿਆਂ ਦੀ ਲੋੜ ਸੀ। ਉਥੇ ਮਾਰਚ ਵਿਚ ਤੇਜਪਾਲ ਦੀ ਜੰਗ ‘ਚ ਮੌਤ ਹੋ ਗਈ ਸੀ ਅਤੇ ਪਰਿਵਾਰ ਨੂੰ ਇਸ ਦਾ ਪਤਾ 9 ਜੂਨ ਨੂੰ ਲੱਗਾ।
ਰੂਸੀ ਸਰਕਾਰ ਨੇ ਭਾਰਤੀ ਦੂਤਾਵਾਸ ਰਾਹੀਂ ਤੇਜਪਾਲ ਦੇ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਤੇਜਪਾਲ (30) 13 ਜਨਵਰੀ ਨੂੰ ਮਾਸਕੋ ਵਿੱਚ ਸਰੀਰਕ ਅਤੇ ਮੈਡੀਕਲ ਟੈਸਟ ਪਾਸ ਕਰਨ ਤੋਂ ਬਾਅਦ ਰੂਸੀ ਫੌਜ ਵਿੱਚ ਭਰਤੀ ਹੋਇਆ ਸੀ, ਪਰ ਦੋ ਮਹੀਨੇ ਬਾਅਦ 12 ਮਾਰਚ ਨੂੰ ਇੱਕ ਲੜਾਈ ਵਿੱਚ ਉਸਦੀ ਮੌਤ ਹੋ ਗਈ ਸੀ। ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਤੇਜਪਾਲ ਨੇ 8 ਮਾਰਚ ਨੂੰ ਆਪਣੇ ਪਰਿਵਾਰ ਨਾਲ ਆਖਰੀ ਵਾਰ ਗੱਲ ਕੀਤੀ ਸੀ। ਤੇਜਪਾਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਨੂੰ ਫਰੰਟਲਾਈਨ ‘ਤੇ ਭੇਜਿਆ ਜਾ ਰਿਹਾ ਹੈ ਅਤੇ ਅੱਗੇ ਉਸ ਨਾਲ ਸੰਪਰਕ ਨਹੀਂ ਹੋ ਸਕੇਗਾ। ਉਸ ਦੀ ਮੌਤ ਦੀ ਖ਼ਬਰ ਉਸ ਦੇ ਦੋਸਤ ਨੇ ਦਿੱਤੀ, ਜੋ ਉਸ ਨਾਲ ਲੜਾਈ ਵਿਚ ਸੀ।
ਇਸ ਤੋਂ ਬਾਅਦ ਤੇਜਪਾਲ ਦੇ ਪਰਿਵਾਰ ਨੇ ਭਾਰਤੀ ਦੂਤਾਵਾਸ ਅਤੇ ਰੂਸ ਸਰਕਾਰ ਨੂੰ ਉਨ੍ਹਾਂ ਦੀ ਲਾਸ਼ ਵਾਪਸ ਲਿਆਉਣ ਲਈ ਕਈ ਬੇਨਤੀਆਂ ਕੀਤੀਆਂ। ਇੱਕ ਮਹੀਨਾ ਪਹਿਲਾਂ ਪਰਮਿੰਦਰ ਕੌਰ ਨੇ ਰੂਸੀ ਅੰਬੈਸੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸ ਨੇ ਪਰਿਵਾਰ ਦੀ ਆਰਥਿਕ ਹਾਲਤ ਅਤੇ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਸੀ, ਜਿਸ ਦਾ ਜਵਾਬ ਰੂਸੀ ਦੂਤਘਰ ਨੇ ਦਿੱਤਾ ਸੀ ਕਿ ਤੇਜਪਾਲ ਦੀ ਲਾਸ਼ ਦੀ ਪਛਾਣ ਕਰਨ ਲਈ ਡੀ.ਐਨ.ਏ ਟੈਸਟ ਦੀ ਲੋੜ ਹੈ। ਉਨ੍ਹਾਂ ਨੇ ਲਾਸ਼ ਦੀ ਪਛਾਣ ਯਕੀਨੀ ਬਣਾਉਣ ਲਈ ਪਰਿਵਾਰ ਨੂੰ ਤੇਜਪਾਲ ਦੀ ਮਾਂ ਦੇ ਡੀ.ਐਨ.ਏ ਨਮੂਨੇ ਦੀ ਮੰਗ ਕੀਤੀ।
ਤੇਜਪਾਲ ਦਾ ਨਾਂ ਰੂਸੀ ਸਰਕਾਰ ਵੱਲੋਂ ਜਾਰੀ ਮ੍ਰਿਤਕਾਂ ਦੀ ਸੂਚੀ ਵਿੱਚ ਸੀ, ਪਰ ਉਸ ਦੀ ਜਨਮ ਮਿਤੀ ਗਲਤ ਸੀ। ਤੇਜਪਾਲ ਦੀ ਅਸਲ ਜਨਮ ਤਰੀਕ 12 ਅਕਤੂਬਰ 1994 ਹੈ, ਜਦੋਂਕਿ ਸੂਚੀ ਵਿੱਚ ਇਸ ਦਾ ਜ਼ਿਕਰ 19 ਅਕਤੂਬਰ 1994 ਦੱਸਿਆ ਗਿਆ ਹੈ। ਤੇਜਪਾਲ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਛੇ ਸਾਲ ਦੀ ਧੀ ਅਤੇ ਇੱਕ ਨਵਜੰਮਾ ਬੱਚਾ ਹੈ। ਤੇਜਪਾਲ ਦੀ ਦੇਹ ਨੂੰ ਵਾਪਸ ਲਿਆਉਣ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਅਤੇ ਪਰੰਪਰਾਗਤ ਰਸਮਾਂ ਦੀ ਪਾਲਣਾ ਕਰਨ ਦਾ ਮੌਕਾ ਮਿਲੇਗਾ। ਰੂਸ ਸਰਕਾਰ ਵੱਲੋਂ ਡੀ.ਐਨ.ਏ ਟੈਸਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਨੂੰ ਆਸ ਹੈ ਕਿ ਤੇਜਪਾਲ ਦੀ ਲਾਸ਼ ਜਲਦੀ ਹੀ ਭਾਰਤ ਲਿਆਂਦੀ ਜਾਵੇਗੀ। ਇਸ ਨਾਲ ਪਰਿਵਾਰ ਨੂੰ ਕੁਝ ਸੰਤੁਸ਼ਟੀ ਮਿਲੇਗੀ ਅਤੇ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਸਕਣਗੇ।