ਗੋਆ: ਗੋਆ ਦੇ ਕਈ ਹਿੱਸਿਆਂ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਭਾਰੀ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਰਾਜ ਦੀ ਰਾਜਧਾਨੀ ਪਣਜੀ ਅਤੇ ਹੋਰ ਸ਼ਹਿਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਭਾਰਤ ਦੇ ਮੌਸਮ ਵਿਭਾਗ (India Meteorological Department),(IMD) ਨੇ ਅੱਜ ਗੋਆ ਲਈ ‘ਰੈੱਡ ਅਲਰਟ’ ਜਾਰੀ ਕਰਦਿਆਂ ਕਿਹਾ ਕਿ ਉੱਤਰੀ ਗੋਆ ਅਤੇ ਦੱਖਣੀ ਗੋਆ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਆਈ.ਐਮ.ਡੀ. ਮੁਤਾਬਕ ਤੱਟਵਰਤੀ ਰਾਜ ਵਿੱਚ ਲਗਾਤਾਰ ਮੀਂਹ ਅਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ‘ਰੈੱਡ ਅਲਰਟ’ ਦੌਰਾਨ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਜਦਕਿ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ। ਅੱਜ ਗੋਆ ਦੇ ਕਈ ਨੀਵੇਂ ਇਲਾਕਿਆਂ ‘ਚ ਹੜ੍ਹ ਆ ਗਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਪਣਜੀ, ਮਰਗਾਓ, ਪੋਂਡਾ ਅਤੇ ਵਾਸਕੋ ਸਮੇਤ ਸਾਰੇ ਵੱਡੇ ਸ਼ਹਿਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਰਾਜ ਦੇ ਟ੍ਰੈਫਿਕ ਵਿਭਾਗ ਨੇ ਬੀਤੇ ਦਿਨ ਰਾਜ ਦੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਨਾਲ ਸੰਪਰਕ ਕਰ ਸਕਣ।
ਅੱਜ ਸਵੇਰੇ 8:30 ਵਜੇ ਜਾਰੀ ਆਈ.ਐਮ.ਡੀ. ਦੇ ਅੰਕੜਿਆਂ ਅਨੁਸਾਰ, ਪਰਨੇਮ (ਉੱਤਰੀ ਗੋਆ) ਵਿੱਚ ਸਭ ਤੋਂ ਵੱਧ 192 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦੋਂ ਕਿ ਸੰਗੂਏਮ (ਦੱਖਣੀ ਗੋਆ) ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਘੱਟ 39.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵਿਭਾਗ ਨੇ ਕਿਹਾ, ‘ਪਿਛਲੇ 24 ਘੰਟਿਆਂ ‘ਚ ਗੋਆ ਰਾਜ ‘ਚ ਜ਼ਿਆਦਾਤਰ ਥਾਵਾਂ ‘ਤੇ ਭਾਰੀ ਮੀਂਹ ਪਿਆ ।’ ਆਈ.ਐਮ.ਡੀ. ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਉੱਤਰੀ ਮਹਾਰਾਸ਼ਟਰ ਦੇ ਤੱਟ ‘ਤੇ 35 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਅਤੇ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।