ਨਵੀਂ ਦਿੱਲੀ : ਦਿੱਲੀ ਦੀ ਜਲ ਮੰਤਰੀ ਆਤਿਸ਼ੀ (Delhi Water Minister Atishi) ਨੂੰ ਵੀਰਵਾਰ ਸਵੇਰੇ ਐਲ.ਐਨ.ਜੇ.ਪੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਆਤਿਸ਼ੀ ਦਿੱਲੀ ‘ਚ ਪਾਣੀ ਦੇ ਸੰਕਟ ਦੇ ਖ਼ਿਲਾਫ਼ ਵਰਤ ‘ਤੇ ਸਨ ਅਤੇ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਤਿਸ਼ੀ ਨੂੰ ਸਵੇਰੇ 10:30 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦੇ ਪਾਣੀ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਮਰਨ ਵਰਤ ‘ਤੇ ਸੀ।
ਵਰਤ ਕਰ ਰਹੀ ਆਤਿਸ਼ੀ ਦੀ ਪੰਜਵੇਂ ਦਿਨ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਬਲੱਡ ਸ਼ੂਗਰ ਦਾ ਪੱਧਰ ਡਿੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਪਹਿਲਾਂ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਜਨਰਲ ਵਾਰਡ ਵਿੱਚ ਭੇਜ ਦਿੱਤਾ ਗਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਨੇਤਾ ਵਰਿੰਦਾ ਕਰਾਤ ਨੇ ਬੁੱਧਵਾਰ ਨੂੰ ਹਸਪਤਾਲ ‘ਚ ਆਤਿਸ਼ੀ ਨਾਲ ਮੁਲਾਕਾਤ ਕੀਤੀ ਸੀ।