ਚੰਡੀਗੜ੍ਹ: ਕਰੀਬ 7 ਦਿਨਾਂ ਬਾਅਦ ਹੁਣ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ (Shaheed Bhagat Singh International Airport) ਅੱਡੇ ਚੰਡੀਗੜ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲੀ ਹੈ। ਇਸ ਤੋਂ ਬਾਅਦ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ। ਬੀਤੇ ਦਿਨ ਸਵੇਰੇ 4.50 ਵਜੇ ਏਅਰਪੋਰਟ ਅਥਾਰਟੀ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਈ-ਮੇਲ ਵਿੱਚ ਬੈਗ ਦੇ ਅੰਦਰ ਉਪਕਰਣ ਲੁਕਾਇਆ ਹੋਣ ਦੀ ਗੱਲ ਕਹੀ ਗਈ ਸੀ।
ਦੋ ਬੰਬਾਂ ਦਾ ਜ਼ਿਕਰ ਕੀਤਾ ਗਿਆ ਸੀ। ਈ-ਮੇਲ ਤੋਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਸਨ। ਮੋਹਾਲੀ ਪੁਲਿਸ ਅਤੇ ਸੀ.ਆਈ.ਐਸ.ਐਫ. ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਸਾਂਝੀ ਚੈਕਿੰਗ ਮੁਹਿੰਮ ਚਲਾਈ ਗਈ।ਹਵਾਈ ਅੱਡੇ ਦੇ ਸੀ.ਈ.ਓ ਅਜੇ ਵਰਮਾ ਨੇ ਦੱਸਿਆ ਕਿ ਈ-ਮੇਲ ਮਿਲਣ ਤੋਂ ਬਾਅਦ ਸੀ.ਆਈ.ਐੱਸ.ਐੱਫ. ਅਤੇ ਮੋਹਾਲੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦੋਵਾਂ ਨੇ ਇਕੱਠੇ ਹੋ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਜਾਣਕਾਰੀ ਮੁਤਾਬਕ ਯਾਤਰੀਆਂ, ਉਨ੍ਹਾਂ ਦੇ ਸਾਮਾਨ ਅਤੇ ਬੈਗ ਪੈਕ ਦੀ ਜਾਂਚ ਕੀਤੀ ਗਈ। ਇਸ ਕਾਰਨ ਕੁਝ ਉਡਾਣਾਂ ਨਿਰਧਾਰਿਤ ਸਮੇਂ ਤੋਂ ਲੇਟ ਹੋ ਗਈਆਂ। ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੁੰਬਈ ਤੋਂ ਦੋ ਅਤੇ ਦਿੱਲੀ, ਕੋਲਕਾਤਾ ਅਤੇ ਅਹਿਮਦਾਬਾਦ ਤੋਂ ਉਡਾਣਾਂ 20 ਤੋਂ 25 ਮਿੰਟ ਦੇਰੀ ਨਾਲ ਉੱਡੀਆਂ।