ਨਵੀਂ ਦਿੱਲੀ : 1 ਜੂਨ ਤੋਂ ਦੇਸ਼ ‘ਚ ਡਰਾਈਵਿੰਗ ਲਾਇਸੈਂਸ (Driving License) (DL) ਬਣਵਾਉਣ ਦੀ ਪੂਰੀ ਪ੍ਰਕਿਰਿਆ ਬਦਲਣ ਜਾ ਰਹੀ ਹੈ। ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਨੂੰ ਆਰ.ਟੀ.ਓ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਦਰਅਸਲ, ਸਰਕਾਰ ਡੀ.ਐਲ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਕਰਨ ਜਾ ਰਹੀ ਹੈ। ਵਰਤਮਾਨ ਵਿੱਚ, ਡੀ.ਐਲ ਬਿਨੈਕਾਰ ਨੂੰ ਡਰਾਈਵਿੰਗ ਟੈਸਟ ਲਈ ਆਰ.ਟੀ.ਓ ਜਾਣਾ ਪੈਂਦਾ ਹੈ। ਕਈ ਵਾਰ ਡਰਾਈਵਿੰਗ ਟੈਸਟ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਪਰ ਹੁਣ ਲੋਕਾਂ ਦੀ ਇਹ ਸਮੱਸਿਆ ਜਲਦ ਹੀ ਹੱਲ ਹੋਣ ਜਾ ਰਹੀ ਹੈ। ਡਰਾਈਵਿੰਗ ਟੈਸਟ ਲੈਣ ਦੀ ਜ਼ਿੰਮੇਵਾਰੀ ਸਰਕਾਰੀ ਡਰਾਈਵਿੰਗ ਟੈਸਟ ਸੈਂਟਰ ਦੀ ਬਜਾਏ ਕਿਸੇ ਪ੍ਰਾਈਵੇਟ ਆਰ.ਟੀ.ਓ ਸੈਂਟਰ ਨੂੰ ਸੌਂਪਣ ਦਾ ਕੰਮ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਪ੍ਰਾਈਵੇਟ ਡਰਾਈਵਿੰਗ ਸੈਂਟਰਾਂ ਨੂੰ ਡਰਾਈਵਿੰਗ ਟੈਸਟ ਕਰਵਾਉਣ ਲਈ ਲਾਇਸੈਂਸ ਦਿੱਤਾ ਜਾਵੇਗਾ। ਇਸ ਨਾਲ ਮੁੱਖ ਖੇਤਰਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧੇਗੀ, ਜਿਸ ਨਾਲ ਡਰਾਈਵਿੰਗ ਲਾਇਸੈਂਸ ਲੈਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।
ਸਰਕਾਰ ਇਨ੍ਹਾਂ ਪ੍ਰਾਈਵੇਟ ਪ੍ਰੀਖਿਆ ਕੇਂਦਰਾਂ ਨੂੰ ਡਰਾਈਵਿੰਗ ਲਾਇਸੈਂਸ ਅਤੇ ਹੋਰ ਕਈ ਸਰਟੀਫਿਕੇਟ ਜਾਰੀ ਕਰਨ ਲਈ ਲਾਈਸੈਂਸ ਦੇਣ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਸਮੇਂ ਲੋੜੀਂਦੀ ਕਾਗਜ਼ੀ ਕਾਰਵਾਈ ਵੀ ਘਟਾਈ ਜਾਵੇਗੀ। ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ ਇਸ ਗੱਲ ‘ਤੇ ਨਿਰਭਰ ਕਰਨਗੇ ਕਿ ਅਰਜ਼ੀ ਦੋ-ਪਹੀਆ ਵਾਹਨ ਲਈ ਹੈ ਜਾਂ ਚਾਰ ਪਹੀਆ ਵਾਹਨ ਲਈ। ਨਵੇਂ ਨਿਯਮ ਦੇ ਤਹਿਤ, ਡਰਾਈਵਿੰਗ ਸਿਖਲਾਈ ਕੇਂਦਰ ਲਈ ਦੋਪਹੀਆ ਵਾਹਨਾਂ ਲਈ ਘੱਟੋ ਘੱਟ 1 ਏਕੜ ਅਤੇ ਚਾਰ ਪਹੀਆ ਵਾਹਨਾਂ ਲਈ 2 ਏਕੜ ਖਾਲੀ ਜ਼ਮੀਨ ਹੋਣੀ ਲਾਜ਼ਮੀ ਹੋਵੇਗੀ।
ਸਿਖਲਾਈ ਦੇ ਸਬੰਧ ਵਿੱਚ, ਇਹਨਾਂ ਕੇਂਦਰਾਂ ਨੂੰ ਹਲਕੇ ਮੋਟਰ ਵਾਹਨਾਂ ਲਈ 4 ਹਫ਼ਤਿਆਂ ਵਿੱਚ 29 ਘੰਟੇ ਦੀ ਸਿਖਲਾਈ ਪ੍ਰਦਾਨ ਕਰਨ ਦੀ ਲੋੜ ਹੋਵੇਗੀ, ਜਿਸ ਵਿੱਚ 8 ਘੰਟੇ ਦੀ ਥਿਊਰੀ ਅਤੇ 21 ਘੰਟੇ ਦੀ ਪ੍ਰੈਕਟੀਕਲ ਸਿਖਲਾਈ ਸ਼ਾਮਲ ਹੈ। ਭਾਰੀ ਮੋਟਰ ਵਾਹਨਾਂ ਲਈ, 6 ਹਫ਼ਤਿਆਂ ਵਿੱਚ 38 ਘੰਟੇ ਦੀ ਸਿਖਲਾਈ ਦੇਣੀ ਲਾਜ਼ਮੀ ਹੋਵੇਗੀ ਜਿਸ ਵਿੱਚ 8 ਘੰਟੇ ਦੀ ਥਿਊਰੀ ਅਤੇ 31 ਘੰਟੇ ਦੀ ਪ੍ਰੈਕਟੀਕਲ ਸਿਖਲਾਈ ਸ਼ਾਮਲ ਹੈ। ਇਨ੍ਹਾਂ ਕੇਂਦਰਾਂ ਨੂੰ ਸਿਖਲਾਈ ਦੀਆਂ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਉਣੀਆਂ ਪੈਣਗੀਆਂ। ਟ੍ਰੇਨਰ ਕੋਲ ਹਾਈ ਸਕੂਲ ਡਿਪਲੋਮਾ ਜਾਂ ਇਸਦੇ ਬਰਾਬਰ ਦੀ ਡਿਗਰੀ, ਘੱਟੋ-ਘੱਟ ਪੰਜ ਸਾਲਾਂ ਦਾ ਡਰਾਈਵਿੰਗ ਦਾ ਤਜਰਬਾ ਅਤੇ ਬਾਇਓਮੈਟ੍ਰਿਕਸ ਅਤੇ ਆਈ.ਟੀ. ਪ੍ਰਣਾਲੀਆਂ ਦਾ ਗਿਆਨ ਹੋਣਾ ਚਾਹੀਦਾ ਹੈ।