ਉੱਤਰਾਖੰਡ: ਉੱਤਰਾਖੰਡ ਦੇ ਜੰਗਲਾਂ ‘ਚ ਲੱਗੀ ਅੱਗ ਨੇ ਸ਼ੁੱਕਰਵਾਰ ਨੂੰ ਭਿਆਨਕ ਰੂਪ ਲੈ ਲਿਆ ਅਤੇ ਅੱਗ ਦੀਆਂ ਲਪਟਾਂ ਨੈਨੀਤਾਲ ਦੀ ਹਾਈਕੋਰਟ ਕਾਲੋਨੀ (High Court Colony in Nainital) ਤੱਕ ਪਹੁੰਚ ਗਈਆਂ। ਅੱਗ ‘ਤੇ ਕਾਬੂ ਪਾਉਣ ਲਈ ਨੈਨੀਤਾਲ ਪ੍ਰਸ਼ਾਸਨ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਫੌਜ ਦੇ ਜਵਾਨਾਂ ਨੂੰ ਬੁਲਾਇਆ ਹੈ। ਜੇਕਰ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤਾਂ ਉਹ ਅੱਗ ਬੁਝਾਊ ਕਾਰਜਾਂ ਵਿੱਚ ਹੈਲੀਕਾਪਟਰ ਤਾਇਨਾਤ ਕਰ ਸਕਦੇ ਹਨ।
ਰਿਪੋਰਟਾਂ ਮੁਤਾਬਕ ਨੈਨੀਤਾਲ ਦੇ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਲੱਗੀ ਅੱਗ ਨੇ ਪਾਈਨਜ਼ ਇਲਾਕੇ ‘ਚ ਸਥਿਤ ਹਾਈ ਕੋਰਟ ਕਲੋਨੀ ਦੇ ਵਾਸੀਆਂ ਲਈ ਖਤਰਾ ਪੈਦਾ ਕਰ ਦਿੱਤਾ ਹੈ। ਇਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ।
ਇੱਕ ਵਸਨੀਕ ਨੇ ਦੱਸਿਆ, “ਅੱਗ ਨੇ ਪਾਈਨਜ਼ ਦੇ ਨੇੜੇ ਸਥਿਤ ਇੱਕ ਪੁਰਾਣੇ ਅਤੇ ਖਾਲੀ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਨਾਲ ਹਾਈ ਕੋਰਟ ਕਲੋਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ, ਪਰ ਇਹ ਇਮਾਰਤਾਂ ਦੇ ਨੇੜੇ ਆ ਗਿਆ ਹੈ। ਸ਼ਾਮ ਤੋਂ ਲੱਗੀ ਹੋਈ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਇਨ ਖੇਤਰ ਦੇ ਨੇੜੇ ਸਥਿਤ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਤੱਕ ਅੱਗ ਦੇ ਪਹੁੰਚਣ ਦੀ ਸੰਭਾਵਨਾ ਹੈ।
ਜੰਗਲ ਦੀ ਅੱਗ ਕਾਰਨ ਨੈਨੀਤਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਨੀ ਝੀਲ ‘ਚ ਕਿਸ਼ਤੀ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਅੱਗ ਬੁਝਾਉਣ ਲਈ ਨੈਨੀਤਾਲ ਪ੍ਰਸ਼ਾਸਨ ਨੇ 42 ਜਵਾਨ ਤਾਇਨਾਤ ਕੀਤੇ ਹਨ। ਨੈਨੀਤਾਲ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਚੰਦਰਸ਼ੇਖਰ ਜੋਸ਼ੀ ਨੇ ਏਜੰਸੀ ਨੂੰ ਦੱਸਿਆ, “ਅਸੀਂ ਅੱਗ ਬੁਝਾਉਣ ਲਈ ਮਨੋਰਾ ਰੇਂਜ ਤੋਂ 40 ਕਰਮਚਾਰੀ ਅਤੇ ਦੋ ਜੰਗਲਾਤ ਰੇਂਜਰਾਂ ਨੂੰ ਤਾਇਨਾਤ ਕੀਤਾ ਹੈ।”
-ਉੱਤਰਾਖੰਡ ਦੇ ਜੰਗਲਾਤ ਵਿਭਾਗ ਨੇ ਕਿਹਾ ਹੈ ਕਿ 24 ਘੰਟਿਆਂ ਵਿੱਚ ਸੂਬੇ ਦੇ ਕੁਮਾਉਂ ਖੇਤਰ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦੀਆਂ 26 ਅਤੇ ਗੜ੍ਹਵਾਲ ਖੇਤਰ ਵਿੱਚ ਪੰਜ ਘਟਨਾਵਾਂ ਸਾਹਮਣੇ ਆਈਆਂ ਹਨ। ਅੱਗ ਕਾਰਨ 33.34 ਹੈਕਟੇਅਰ ਜੰਗਲੀ ਖੇਤਰ ਪ੍ਰਭਾਵਿਤ ਹੋਇਆ ਹੈ।
ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 1 ਨਵੰਬਰ ਤੋਂ ਰਾਜ ਵਿੱਚ ਜੰਗਲਾਂ ਨੂੰ ਅੱਗ ਲੱਗਣ ਦੀਆਂ ਕੁੱਲ 575 ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ 689.89 ਹੈਕਟੇਅਰ ਜੰਗਲੀ ਖੇਤਰ ਪ੍ਰਭਾਵਿਤ ਹੋਇਆ ਹੈ ਅਤੇ ਰਾਜ ਨੂੰ 14 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਉਤਰਾਖੰਡ ਦੇ ਅਧਿਕਾਰੀਆਂ ਨੇ ਜਖੋਲੀ ਅਤੇ ਰੁਦਰਪ੍ਰਯਾਗ ‘ਚ ਜੰਗਲ ਨੂੰ ਅੱਗ ਲਗਾਉਣ ਦੇ ਦੋਸ਼ ‘ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਰੁਦਰਪ੍ਰਯਾਗ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਅਭਿਮਨਿਊ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜੰਗਲ ਦੀ ਅੱਗ ਨੂੰ ਰੋਕਣ ਲਈ ਬਣਾਈ ਗਈ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ।
ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਇੱਕ ਪਿੰਡ ਜਖੋਲੀ ਦੇ ਤਡਿਆਲ ਦਾ ਨਰੇਸ਼ ਭੱਟ ਸੀ, ਜੋ ਜੰਗਲ ਵਿੱਚ ਅੱਗ ਲਗਾਉਂਦੇ ਸਮੇਂ ਫੜਿਆ ਗਿਆ ਸੀ। ਕਥਿਤ ਤੌਰ ‘ਤੇ ਉਸ ਨੇ ਅੱਗ ਇਸ ਲਈ ਲਗਾਈ ਤਾਂ ਜੋ ਉਸ ਦੀਆਂ ਭੇਡਾਂ ਨੂੰ ਨਵਾਂ ਘਾਹ ਮਿਲ ਸਕੇ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਅਤੇ ਜੰਗਲ ਦੀ ਅੱਗ ਨੂੰ ਰੋਕਣ ਲਈ ਉਪਾਅ ਕਰਨ ਲਈ ਕਿਹਾ ਹੈ।