ਮੁੰਬਈ: ਮੁੰਬਈ ਦੇ ਬਾਂਦਰਾ ‘ਚ ਅਦਾਕਾਰ ਸਲਮਾਨ ਖਾਨ (Actor Salman Khan) ਦੇ ਘਰ ਦੇ ਬਾਹਰ ਇਸ ਮਹੀਨੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਗੈਂਗਸਟਰ ਲਾਰੇਂਸ ਬਿਸ਼ਨੋਈ (Gangster Lawrence Bishnoi) ਦੇ ਛੋਟੇ ਭਰਾ ਅਨਮੋਲ ਬਿਸ਼ਨੋਈ (Anmol Bishnoi) ਖ਼ਿਲਾਫ਼ ‘ਲੁੱਕਆਊਟ ਸਰਕੂਲਰ’ (Lookout Circular) ਜਾਰੀ ਕੀਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰੀ ਨੇ ਕਿਹਾ ਕਿ ਪੁਲਿਸ ਲਾਰੇਂਸ ਬਿਸ਼ਨੋਈ ਨੂੰ ਵੀ ਹਿਰਾਸਤ ਵਿੱਚ ਲੈ ਸਕਦੀ ਹੈ, ਜੋ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਅਤੇ ਇਸ ਮਾਮਲੇ ਵਿੱਚ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਕਾਨੂੰਨ (ਮਕੋਕਾ) ਨੂੰ ਲਾਗੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਉਸਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ ਅਤੇ ਜਾਂਚ ਵਿੱਚ ਵੀਉਸਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਬੀਤੇ ਦਿਨ ਐਲ.ਓ.ਸੀ. ਜਾਰੀ ਕੀਤਾ ।
ਅਧਿਕਾਰੀ ਨੇ ਕਿਹਾ, “ਅਨਮੋਲ ਅਤੇ ਲਾਰੈਂਸ ਬਿਸ਼ਨੋਈ ਨੂੰ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਨਮੋਲ ਬਿਸ਼ਨੋਈ ਕੈਨੇਡਾ ‘ਚ ਰਹਿੰਦਾ ਹੈ ਅਤੇ ਅਕਸਰ ਅਮਰੀਕਾ ਜਾਂਦਾ ਰਹਿੰਦਾ ਹੈ ਪਰ ਉਸ ਨੇ ਫੇਸਬੁੱਕ ‘ਤੇ ਜਿਸ ਖਾਤੇ ਤੋਂ ਪੋਸਟ ਕੀਤੀ ਸੀ ਅਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ, ਉਸ ਦਾ IP Address ਪੁਰਤਗਾਲ ਦਾ ਦੱਸਿਆ ਗਿਆ ਹੈ।
ਪੁਲਿਸ ਨੇ 14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਖਾਨ ਦੇ ਬਾਂਦਰਾ ਸਥਿਤ ਰਿਹਾਇਸ਼ ‘ਗਲੈਕਸੀ ਅਪਾਰਟਮੈਂਟ’ ‘ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੁਆਰਾ ਗੋਲੀਬਾਰੀ ਕਰਨ ਦੇ ਸਬੰਧ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਸੀ।
ਪੁਲਿਸ ਨੇ ਦੱਸਿਆ ਕਿ ਕਥਿਤ ਹਮਲਾਵਰ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਨੂੰ ਸੋਨੂੰ ਕੁਮਾਰ ਸੁਭਾਸ਼ ਚੰਦਰ ਬਿਸ਼ਨੋਈ (37) ਅਤੇ ਅਨੁਜ ਤਪਨ (32) ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿੱਕੀ ਗੁਪਤਾ ਅਤੇ ਸਾਗਰ ਪਾਲ ਬਿਹਾਰ ਦੇ ਰਹਿਣ ਵਾਲੇ ਹਨ। ਸੋਨੂੰ ਅਤੇ ਅਨੁਜ ਨੇ 15 ਮਾਰਚ ਨੂੰ ਉਸ ਨੂੰ ਦੋ ਦੇਸੀ ਪਿਸਤੌਲ ਅਤੇ ਕਾਰਤੂਸ ਮੁਹੱਈਆ ਕਰਵਾਏ ਸਨ। ਉਸ ਨੇ ਦੱਸਿਆ ਕਿ ਸੋਨੂੰ ਅਤੇ ਅਨੁਜ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਕਿਹਾ, “ਦੋਵੇਂ (ਸੋਨੂੰ ਅਤੇ ਅਨੁਜ) ਪੰਜਾਬ ਦੇ ਗੰਗਾਪੁਰ ਵਿੱਚ ਦਰਜ ਗੋਲਾਬਾਰੀ ਦੇ ਇੱਕ ਮਾਮਲੇ ਵਿੱਚ ਲਾਰੇਂਸ ਅਤੇ ਅਨਮੋਲ ਬਿਸ਼ਨੋਈ ਦੇ ਨਾਲ ਸਹਿ-ਦੋਸ਼ੀ ਹਨ।