ਲੁਧਿਆਣਾ :- ਲੁਧਿਆਣਾ ਦੇ ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਖਹਿਰਾ ਬੇਟ ‘ਚ ਸਤਲੁਜ ਦਰਿਆ ‘ਚ ਡੁਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸਤ ਸਤਲੁਜ ਦਰਿਆ ’ਤੇ ਨਹਾਉਣ ਗਏ ਸਨ ਤਾਂ ਅਚਾਨਕ ਤਿੰਨ ਦੋਸਤਾਂ ‘ਚੋਂ ਇਕ ਦੀ ਡੁੱਬਣ ਕਾਰਨ ਮੌਤ ਹੋ ਗਈ।
ਹੰਬੜਾ ਚੌਕੀ ਦੇ ਇੰਚਾਰਜ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ’ਤੇ ਪੈਂਦੇ ਪਿੰਡ ਮਾਂਗਟ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਉਮਰ (24) ਆਪਣੇ ਦੋਸਤ ਕਮਲਪ੍ਰੀਤ ਸਿੰਘ ਨਾਲ ਸਤਲੁਜ ਦਰਿਆ ’ਤੇ ਪੈਂਦੇ ਪਿੰਡ ਖਹਿਰਾ ਬੇਟ ’ਚ ਨਹਾਉਣ ਆਇਆ ਸੀ। ਨਹਾਉਂਦੇ ਸਮੇਂ ਤਿੰਨੋਂ ਨੌਜਵਾਨ ਅਚਾਨਕ ਡੂੰਘੇ ਪਾਣੀ ‘ਚ ਰੁੜ੍ਹ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਉਥੇ ਖੜ੍ਹੇ ਲੋਕਾਂ ਨੇ ਕਮਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਪਾਣੀ ਵਿੱਚੋਂ ਬਚਾ ਲਿਆ ਪਰ ਮਨਪ੍ਰੀਤ ਸਿੰਘ ਡੂੰਘੇ ਪਾਣੀ ਵਿੱਚ ਡੁੱਬ ਗਿਆ। ਇਸ ਤੋਂ ਬਾਅਦ ਪੁਲਸ ਨੇ ਗੋਤਾਖੋਰਾਂ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਗੋਤਾਖੋਰਾਂ ਨੇ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।