ਲੁਧਿਆਣਾ : ਲੋਕ ਸਭਾ ਚੋਣਾਂ (Lok Sabha elections) ਦੌਰਾਨ ਟਿਕਟਾਂ ਦੀ ਵੰਡ ਲਈ ਭਾਵੇਂ ਕਾਂਗਰਸ ਨੇ ਸਕਰੀਨਿੰਗ ਅਤੇ ਚੋਣ ਕਮੇਟੀ ਦਾ ਗਠਨ ਕੀਤਾ ਹੈ।ਪਰ ਅਸਲੀਅਤ ਇਹ ਹੈ ਕਿ ਪਰਦੇ ਦੇ ਪਿੱਛੇ ਰਾਹੁਲ ਗਾਂਧੀ (Rahul Gandhi) ਹੀ ਫ਼ੈਸਲੇ ਲੈ ਰਹੇ ਹਨ। ਇਸ ਦਾ ਸਬੂਤ ਐਤਵਾਰ ਨੂੰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸੋਨੀਆ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਦੀ ਅਗਵਾਈ ਹੇਠ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਪੰਜਾਬ ਦੇ ਬਾਕੀ ਉਮੀਦਵਾਰਾਂ ਬਾਰੇ ਐਲਾਨ ਨਹੀਂ ਹੋ ਸਕਿਆ।
ਇਸ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੇ ਨਾਲ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੀ ਮੌਜੂਦ ਸਨ। ਦਾਅਵੇਦਾਰਾਂ ਤੋਂ ਇਲਾਵਾ ਹੋਰ ਮਜ਼ਬੂਤ ਚਿਹਰਿਆਂ ਨੂੰ ਉਮੀਦਵਾਰ ਬਣਾਏ ਜਾਣ ਸਬੰਧੀ ਹਾਈਕਮਾਂਡ ਨੂੰ ਰਿਪੋਰਟ ਪੇਸ਼ ਕੀਤੀ ਗਈ ਸੀ ਪਰ ਇਕ ਵਾਰ ਵੀ ਸਾਰੀਆਂ ਸੀਟਾਂ ‘ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ। ਸੂਤਰਾਂ ਮੁਤਾਬਕ ਇਹ ਮੀਟਿੰਗ ਅੱਧ ਵਿਚਾਲੇ ਹੀ ਖਤਮ ਹੋ ਗਈ, ਕਿਉਂਕਿ ਰਾਹੁਲ ਗਾਂਧੀ ਨੇ ਖੁਦ ਕਿਹਾ ਹੈ ਕਿ ਸਾਰੇ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਦਿੱਤੇ ਜਾਣਗੇ ਅਤੇ ਬਾਕੀ ਸੀਟਾਂ ਦੇ ਐਲਾਨ ਲਈ ਉਨ੍ਹਾਂ ਦੀ ਸਿਹਤ ਠੀਕ ਹੋਣ ਤੱਕ ਉਡੀਕ ਕਰਨੀ ਪੈ ਸਕਦੀ ਹੈ। ਇਸ ਘਟਨਾਕ੍ਰਮ ਤੋਂ ਸਪੱਸ਼ਟ ਹੋ ਗਿਆ ਹੈ ਕਿ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਬਚਣ ਲਈ ਰਾਹੁਲ ਗਾਂਧੀ ਨੇ ਕਾਂਗਰਸ ਦੀ ਅਗਵਾਈ ਛੱਡ ਦਿੱਤੀ ਹੈ, ਜਦੋਂ ਕਿ ਪਰਦੇ ਪਿੱਛੇ ਫ਼ੈਸਲੇ ਲਏ ਜਾ ਰਹੇ ਹਨ।
ਇਸ ਬਾਰੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਪ੍ਰਕਿਰਿਆ ਠੀਕ ਚੱਲ ਰਹੀ ਹੈ। ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਹੁਣ ਤੱਕ 6 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਬਾਕੀ 7 ਉਮੀਦਵਾਰਾਂ ਬਾਰੇ ਚਰਚਾ ਲਗਭਗ ਮੁਕੰਮਲ ਹੋ ਚੁੱਕੀ ਹੈ। ਜਿਸ ਦੇ ਆਧਾਰ ‘ਤੇ ਪੰਜਾਬ ਦੇ ਸਾਰੇ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੁਝ ਹੀ ਦਿਨਾਂ ‘ਚ ਕਰ ਦਿੱਤਾ ਜਾਵੇਗਾ।